ਕਾਬੁਲ, 29 ਜੁਲਾਈ: ਕਾਬੁਲ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਸ਼ਪਾਗੀਜ਼ਾ ਕ੍ਰਿਕਟ ਟੂਰਨਾਮੈਂਟ ਦੌਰਾਨ ਇੱਕ ਧਮਾਕਾ ਹੋਇਆ ਅਤੇ ਮੀਡੀਆ ਰਿਪੋਰਟਾਂ ਅਨੁਸਾਰ ਕਈ ਲੋਕ ਜ਼ਖਮੀ ਹੋ ਗਏ। ਅਫਗਾਨਿਸਤਾਨ ਦੇ ਇੱਕ ਪੱਤਰਕਾਰ ਅਬਦੁਲਹਕ ਓਮੇਰੀ ਦੇ ਅਨੁਸਾਰ, ਅਫਗਾਨਿਸਤਾਨ ਵਿੱਚ ਸ਼ਪਾਗੀਜ਼ ਕ੍ਰਿਕਟ ਟੂਰਨਾਮੈਂਟ ਦੌਰਾਨ ਕਾਬੁਲ ਕੌਮਾਂਤਰੀ ਕ੍ਰਿਕਟ ਮੈਦਾਨ ਦੇ ਅੰਦਰ ਇੱਕ ਧਮਾਕਾ ਹੋਇਆ ਜਿਸ 'ਚ ਕਈ ਲੋਕ ਮਾਰੇ ਗਏ ਹਨ।
ਹਾਲਾਂਕਿ, ਦੇਸ਼ ਦੇ ਸਥਾਨਕ ਮੀਡੀਆ ਆਉਟਲੇਟ ਟੋਲੋ ਨਿਊਜ਼ ਨੇ ਕਿਹਾ ਕਿ ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਕਾਰਜਕਾਰੀ ਅਧਿਕਾਰੀ ਨਸੀਬ ਖਾਨ ਜ਼ਦਰਾਨ ਨੇ ਕਾਬੁਲ ਵਿੱਚ ਕੌਮਾਂਤਰੀ ਕ੍ਰਿਕਟ ਮੈਦਾਨ ਵਿੱਚ ਧਮਾਕੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਘਟਨਾ ਵਿੱਚ ਚਾਰ ਲੋਕ ਜ਼ਖਮੀ ਹੋਏ ਹਨ। ਜ਼ਦਰਾਨ ਨੇ ਕਿਹਾ ਕਿ ਖਿਡਾਰੀਆਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਮੀਡੀਆ ਪੋਰਟਲ ਨੇ ਨਸੀਬ ਖਾਨ ਦੇ ਹਵਾਲੇ ਨਾਲ ਕਿਹਾ ਕਿ ਇਹ ਧਮਾਕਾ ਕ੍ਰਿਕਟ ਪ੍ਰਸ਼ੰਸਕਾਂ ਵਿਚਕਾਰ ਹੋਇਆ ਅਤੇ ਉਸ ਨੇ ਇਹ ਵੀ ਕਿਹਾ ਕਿ ਕ੍ਰਿਕਟ ਸਟਾਫ ਜਾਂ ਵਿਦੇਸ਼ੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ।