ਬਿਕਰਮ ਸਿੰਘ ਮਜੀਠੀਆ ਦਾ ਕਾਂਗਰਸ ਪਾਰਟੀ 'ਤੇ ਵੱਡਾ ਸ਼ਬਦੀ ਹਮਲਾ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂਆਂ ਵਿੱਚੋਂ ਬਿਕਰਮ ਸਿੰਘ ਮਜੀਠੀਆ ਨੇ ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀਆਂ ਵਿੱਚੋਂ ਕਾਂਗਰਸ ਪਾਰਟੀ 'ਤੇ ਵੱਡਾ ਸ਼ਬਦੀ ਹਮਲਾ ਕਰਦਿਆਂ ਕਾਂਗਰਸ ਨੂੰ 'ਹਿੰਦੂ ਵਿਰੋਧੀ' ਐਲਾਨਿਆ ਹੈ। ਉਨ੍ਹਾਂ ਵੱਲੋਂ ਇਹ ਬਿਆਨ ਉਦੋਂ ਆਇਆ ਜਦੋਂ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਹਾਲ ਹੀ ਵਿੱਚ ਇਹ ਵੱਡਾ ਖੁਲਾਸਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਮਗਰੋਂ ਅਤੇ ਕਾਂਗਰਸ ਦੇ 42 ਵਿਧਾਇਕਾਂ ਦੇ ਉਨ੍ਹਾਂ ਨੂੰ ਦਿੱਤੇ ਸਮਰਥਨ ਤੋਂ ਬਾਅਦ ਵੀ ਕਾਂਗਰਸ ਨੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਨ ਦਿੱਤਾ। ਅਕਾਲੀ ਆਗੂ ਦਾ ਕਹਿਣਾ ਸੀ ਕਿ ਹਿੰਦੂ ਭਾਈਚਾਰੇ ਨਾਲ ਸਬੰਧਿਤ ਹੋਣ ਕਰਕੇ ਕਾਂਗਰਸ ਨੇ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ।
ਇਹ ਵੀ ਪੜ੍ਹੋ: ਮੇਰੇ ਸਿਆਸਤ ਦੇ ਤਜਰਬੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣੇਗੀ: ਪ੍ਰਕਾਸ਼ ਸਿੰਘ ਬਾਦਲ
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਸਲਾਹਕਾਰ ਮੁਹੰਮਦ ਮੁਸਤਫਾ ਵੱਲੋਂ ਮਾਲੇਰਕੋਟਲਾ ਵਿੱਚ ਦਿੱਤੇ ਭੜਕਾਊ ਭਾਸ਼ਣ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 'ਕਿਤਾਬ' ਕਹਿ ਜਾਣ ਦੇ ਉਨ੍ਹਾਂ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਾਂਗਰਸ 'ਤੇ ਖੂਬ ਤੰਜ ਕਸਿਆ। ਮੁਸਤਫਾ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਬਿਕਰਮ ਸਿੰਘ ਮਜੀਠੀਆ ਨੇ ਇਸ ਨੂੰ ਕਾਂਗਰਸ ਪਾਰਟੀ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਸਬੂਤ ਦੱਸਿਆ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ 'ਸਰਬਤ ਦੀ ਭਲੇ' ਦੀ ਗੱਲ ਕਹਿਣ ਵਾਲੀ ਕਾਂਗਰਸ ਪਾਰਟੀ ਦੇ ਇਨ੍ਹਾਂ ਖ਼ੁਲਾਸਿਆਂ 'ਤੇ ਚੋਣ ਕਮਿਸ਼ਨ ਨੂੰ ਸਖ਼ਤ ਨੋਟਿਸ ਲੈਣ ਦੀ ਗੱਲ ਵੀ ਕਹੀ।
ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਜੋ ਕਿ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਅੰਮ੍ਰਿਤਸਰ ਪੁਰਬੀ ਤੋਂ ਚੋਣ ਲੜ ਰਹੇ ਹਨ, ਉਨ੍ਹਾਂ ਕਿਹਾ ਕਿ ਜੇ ਕੋਈ ਸਿੱਧੂ ਦਾ 'ਪੰਜਾਬ ਮਾਡਲ' ਵੇਖਣਾ ਚਾਹੇ ਤਾਂ ਉਹ ਇਸ ਖ਼ੇਤਰ ਵਿੱਚ ਆ ਕੇ ਸਿੱਧੂ ਜੋੜੀਦਾਰ ਦੇ ਪਿੱਛਲੇ 18 ਸਾਲਾਂ ਦੇ ਵਿਨਾਸ਼ ਦਾ ਮਾਡਲ ਵੀ ਵੇਖ ਸਕਦੇ ਹਨ।
ਆਪਣੇ ਬਿਆਨ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਪੂਰਬੀ ਦੇ ਮਾੜੇ ਹਾਲਾਤਾਂ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਸਿੱਧੂ ਸਾਬ ਨੇ ਲੋਕਾਂ ਨਾਲ ਝੂਠ ਬੋਲਣ ਅਤੇ ਫਰੇਬ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਨੇ ਆਪਣੇ ਪਸੰਦੀਦਾ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਕਾਰਵਾਈ ਫਿਰ ਵੀ ਨਸ਼ੇ ਦੇ ਧੰਦੇ 'ਤੇ ਹੁਣ ਤੱਕ ਠੱਲ ਕਿਉਂ ਨਹੀਂ ਪੈ ਸਕੀ ਹੈ।