ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੀ ਪਤਨੀ ਵਿਧਾਇਕਾ ਗੁਨੀਵ ਕੌਰ ਮਜੀਠੀਆ ਨਾਲ ਅੱਜ ਸਵੇਰੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਇਸ ਮੌਕੇ ਉਨ੍ਹਾਂ ਨੇ ਸ਼ਬਦ ਕੀਰਤਨ ਸਰਵਣ ਕੀਤਾ। ਗੁਰਦੁਆਰਾ ਸਾਹਿਬ ਵਿਖੇ ਆਉਣ ਸਮੇਂ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਅਕਾਲੀ-ਬਸਪਾ ਵਰਕਰਾਂ ਨੇ ਥਾਂ-ਥਾਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਤਲਬੀਰ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਿੰਡ, ਗੁਰਬਚਨ ਸਿੰਘ ਕਰਮੂਵਾਲਾ ਵੀ ਮੌਜੂਦ ਸਨ।
ਇਸ ਮਗਰੋਂ ਬਿਕਰਮ ਸਿੰਘ ਮਜੀਠੀਆ ਕੱਥੂਨੰਗਲ ਸਥਿਤ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ ਵਿਖੇ ਨਤਮਸਤਕ ਹੋਏ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਾ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਮਜੀਠੀਆ ਸਿਰਫ਼ ਸੱਚੇ ਪਾਤਸ਼ਾਹ ਤੋਂ ਡਰਦਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸੌੜੀ ਸੋਚ ਰਾਹੀਂ ਮੇਰੇ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਕਿਸੇ ਨੂੰ ਸਬੂਤ ਕੋਈ ਨਹੀਂ ਮਿਲਿਆ ਪਰ ਮੈਨੂੰ ਬਦਨਾਮ ਕਰ ਲਈ ਸੌੜੀ ਰਾਜਨੀਤੀ ਕੀਤੀ ਗਈ।
ਕਈ ਡੀਜੀਪੀ ਬਦਲੇ ਗਏ ਤੇ ਜੂਨੀਅਰ ਅਧਿਕਾਰੀਆਂ ਨੂੰ ਨਿਯਮਾਂ ਦੇ ਉਲਟ ਡੀਜੀਪੀ ਬਣਾਇਆ ਗਿਆ। ਇਕਬਾਲ ਪ੍ਰੀਤ ਸਿੰਘ ਸਹੋਤਾ ਉਤੇ ਦਬਾਅ ਬਣਾਇਆ ਗਿਆ ਪਰ ਉਨ੍ਹਾਂ ਝੂਠਾ ਪਰਚਾ ਕਰਨ ਤੋਂ ਨਾਂਹ ਕਰ ਦਿੱਤੀ। ਦਿਨਕਰ ਗੁਪਤਾ ਤੋਂ ਬਾਅਦ ਇਕਬਾਲ ਸਹੋਤਾ, ਫੇਰ ਸਿਧਾਰਥ ਚਟੋਪਾਧਿਆਏ ਜਿਹੜਾ ਪਹਿਲਾਂ ਵੀ ਬਾਦਲ ਸਾਹਿਬ ਖ਼ਿਲਾਫ਼ ਕਾਰਵਾਈ ਕਰ ਚੁੱਕਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਿਧਾਰਥ ਚਟੋਪਾਧਿਆਏ ਖਿਲਾਫ਼ ਸੁਪਰੀਮ ਕੋਰਟ ਦੀ ਟਿੱਪਣੀ ਆਈ ਕਿ ਉਹ ਇਸ ਅਹੁਦੇ ਦੇ ਕਾਬਿਲ ਨਹੀਂ ਹਨ। ਚਟੋਪਾਧਿਆਏ ਦਾ ਨਾਮ ਯੂਪੀਐਸਸੀ ਦੇ ਪੈਨਲ ਵਿੱਚ ਵੀ ਨਹੀਂ ਆਇਆ। ਇਨ੍ਹਾਂ ਨੂੰ ਕੋਈ ਅਫ਼ਸਰ ਨਹੀਂ ਲੱਭ ਰਿਹਾ ਸੀ ਜਿਹੜਾ ਮਜੀਠੀਆ ਖ਼ਿਲਾਫ਼ ਝੂਠਾ ਪਰਚਾ ਕਰੇ।