ਡਰੱਗਜ਼ ਮਾਮਲੇ 'ਚ ਬਿਕਰਮ ਮਜੀਠੀਆ ਦੀ ਮੁਹਾਲੀ ਕੋਰਟ 'ਚ ਹੋਵੇਗੀ ਪੇਸ਼ੀ

By  Riya Bawa April 5th 2022 11:17 AM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Akali Dal) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਡਰੱਗਜ਼ ਮਾਮਲੇ ਨੂੰ ਲੈ ਕੇ ਬੀਤੇ ਦਿਨੀ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਸੁਪਰੀਮ ਕੋਰਟ ਨੇ ਟਾਲ ਦਿੱਤੀ ਹੈ। ਦੱਸ ਦੇਈਏ ਕਿ ਪਿਛਲੇ ਹਫ਼ਤੇ ਬਿਕਰਮ ਸਿੰਘ ਮਜੀਠੀਆ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਕਿ ਮੁਹਾਲੀ ਕੋਰਟ 'ਚ ਉਨ੍ਹਾਂ ਖਿਲਾਫ ਦਰਜ ਡਰੱਗਜ਼ ਕੇਸ ਨੂੰ ਰੱਦ ਕੀਤਾ ਜਾਵੇ। ਮਜੀਠੀਆ 5 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਹੈ। ਉਹ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 11 ਅਪ੍ਰੈਲ ਨੂੰ ਹੋਵੇਗੀ। ਅੱਜ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਖ਼ਤਮ ਹੋਣ ਵਾਲੀ ਹੈ। ਇਸ ਲਈ ਉਨ੍ਹਾਂ ਨੂੰ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।ਪਿਛਲੇ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਪੇਸ਼ੀ ਵੀਡੀਓ ਕਾਨਫਰਸਿੰਗ ਰਾਹੀਂ ਹੋ ਸਕਦੀ ਹੈ। ਗੌਰਤਲਬ ਹੈ ਕਿ ਮਜੀਠੀਆ ਨੂੰ ਅਜੇ ਜ਼ਮਾਨਤ ਮਿਲਣੀ ਬਾਕੀ ਹੈ। ਬਿਕਰਮ ਮਜੀਠੀਆ ਨੇ SC 'ਚ ਦਲੀਲ ਦਿੱਤੀ ਕਿ ਸਪੈਸ਼ਲ ਟਾਸਕ ਫੋਰਸ (STF) ਦੀ ਰਿਪੋਰਟ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਪਰਿਵਾਰਿਕ ਝਗੜਾ ਚੱਲ ਰਿਹਾ ਸੀ। ਇਸ ਦੇ ਨਾਲ ਹੀ ਚੋਣਾਂ ਕਾਰਨ ਫਸਾਉਣ ਲਈ ਇਹ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਮਜੀਠੀਆ ਨੇ ਨਵਜੋਤ ਸਿੱਧੂ, ਸਾਬਕਾ ਸੀਐਮ ਚਰਨਜੀਤ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਬਿਆਨ ਵੀ ਲਾਏ ਹਨ। ਜਦੋਂ ਬਿਕਰਮ ਮਜੀਠੀਆ ਖਿਲਾਫ ਮਾਮਲਾ ਦਰਜ ਹੋਇਆ ਤਾਂ ਉਸ ਨੇ ਪਹਿਲਾਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ। ਮੁਹਾਲੀ ਅਦਾਲਤ ਤੋਂ ਬਾਅਦ ਇਸ ਨੂੰ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਵੀ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਨਿਸ਼ਚਿਤ ਤੌਰ 'ਤੇ ਉਸ ਨੂੰ ਚੋਣ ਲੜਨ ਤੱਕ ਰਾਹਤ ਦਿੱਤੀ ਹੈ। ਇਸ ਤੋਂ ਬਾਅਦ ਮਜੀਠੀਆ ਨੇ 24 ਫਰਵਰੀ ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਬਕਾਇਦਾ ਜ਼ਮਾਨਤ ਦੀ ਮੰਗ ਕੀਤੀ ਪਰ ਕੇਸ ਵਿੱਚ ਧਾਰਾਵਾਂ ਲੱਗਣ ਕਾਰਨ ਹੇਠਲੀ ਅਦਾਲਤ ਤੋਂ ਜ਼ਮਾਨਤ ਨਹੀਂ ਮਿਲ ਸਕੀ। -PTC News

Related Post