ਬਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ, ਕਿਹਾ- ਸੰਜੇ ਸਿੰਘ ਦਾ ਹੰਕਾਰ ਵੀ ਜਲਦ ਟੁਟੇਗਾ

By  Pardeep Singh September 27th 2022 03:04 PM -- Updated: September 27th 2022 03:05 PM

ਅੰਮ੍ਰਿਤਸਰ :ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਮੰਗਲਵਾਰ ਦੁਪਹਿਰ ਅਦਾਲਤ 'ਚ ਪੇਸ਼ ਹੋਏ। ਹਾਲਾਂਕਿ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਇਸ ਵਾਰ ਅਦਾਲਤ ਵਿੱਚ ਨਹੀਂ ਪਹੁੰਚੇ। ਦੱਸ ਦੇਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ 'ਤੇ  ਇਲਜ਼ਾਮ ਲਗਾਏ ਸਨ। ਇਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, 'ਆਪ' ਨੇਤਾ ਸੰਜੇ ਸਿੰਘ, ਆਸ਼ੀਸ਼ ਖੇਤਾਨ 'ਤੇ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। ਮਜੀਠੀਆ ਦਾ ਕਹਿਣਾ ਹੈ ਕਿ  ਛੋਟੀ ਸੋਚ ਦਰਸਾਉਂਦਿਆਂ ਕੇਜਰੀਵਾਲ, ਸੰਜੇ ਸਿੰਘ ਤੇ ਅਸ਼ੀਸ਼ ਖੇਤਾਨ ਨੇ ਮੇਰੇ ਉੱਤੇ ਝੂਠੇ ਇਲਜ਼ਾਮ ਲਗਾਏ ਸਨ। ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ 'ਤੇ ਮੁਆਫੀ ਮੰਗ ਲਈ ਹੈ। ਇਸ ਦੀ ਸੁਣਵਾਈ 'ਚ ਸੰਜੇ ਸਿੰਘ ਲਗਾਤਾਰ ਅਦਾਲਤ 'ਚ ਪੇਸ਼ ਹੋ ਰਹੇ ਹਨ। ਹਾਲਾਂਕਿ ਇਸ ਵਾਰ ਉਹ ਨਹੀਂ ਆ ਰਿਹਾ। ਉਨ੍ਹਾਂ ਨੇ ਕਿਹਾ ਹੈ ਕਿ ਅਸ਼ੀਸ਼ ਖੇਤਾਨ ਨੇ ਅਦਾਲਤ ਵਿੱਚ ਮੁਆਫੀ ਮੰਗੀ ਸੀ।  ਉਨ੍ਹਾਂ ਨੇ ਕਿਹਾ ਹੈ ਕਿ ਸੰਜੇ ਸਿੰਘ ਦਾ ਹੰਕਾਰ ਵੀ ਜਲਦ ਟੁੱਟੇਗਾ।ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਅਦਾਲਤ ਤੋਂ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। ਵਿਧਾਨ ਸਭਾ ਦੇ ਸਪੈਸ਼ਲ ਇਜਲਾਸ ਦੇ ਨਾਂਅ ਉੱਤੇ ਕਰੋੜਾ ਰੁਪਏ ਬਰਬਾਦ ਕਰਨ ਦਾ ਮਕਸਦ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬੀਆਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਗਵੰਤ ਪਾਸੋਂ ਬਹੁਮਤ ਸਪੱਸ਼ਟ ਕਰਨ ਦੀ ਮੰਗ ਕਿਸ ਨੇ ਕੀਤੀ ਹੈ? ਮਜੀਠੀਆਂ ਦਾ ਕਹਿਣਾ ਹੈ ਕਿ ਕਿਸਾਨ ਮਰ ਰਹੇ ਹਨ ਪਰ ਉਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਮੀਂਹ ਕਾਰਨ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੌਣ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਲੰਪੀ ਸਕਿਨ ਬਿਮਾਰੀ ਕਾਰਨ ਲੱਖਾਂ ਪਸ਼ੂ ਮਰ ਚੁੱਕੇ ਹਨ ਸਰਕਾਰ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਕਿਓਂ ਨਹੀਂ ਦੇ ਰਹੀ ਹੈ। ਮਜੀਠੀਆ ਦਾ ਕਹਿਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਪਾਣੀ ਵੀ ਖੋਹ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਪੰਜਾਬ ਦੇ ਪਾਣੀ ਨੂੰ ਲੈ ਕੇ ਗਲਤ ਬਿਆਨਬਾਜ਼ੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਫੈਲ ਰਿਹਾ ਹੈ ਅਤੇ ਲੋਕ ਸਿਸਟਮ ਤੋਂ ਦੁਖੀ ਹਨ।

Related Post