ਟੀਵੀ ਚੈਨਲ 'ਤੇ ਪਹਿਲੀ ਵਾਰ ਸਾਕਾ ਨੀਲਾ ਤਾਰਾ ਨਾਲ ਸੰਬੰਧਿਤ ਵੱਡੇ ਖ਼ੁਲਾਸੇ
ਸਾਕਾ ਨੀਲਾ ਤਾਰਾ ਵਿਚਾਰ ਤਕਰਾਰ ਸਪੈਸ਼ਲ: ਸਿੱਖਾਂ ਦੇ ਹਿਰਦਿਆਂ ਨੂੰ ਵਲੂੰਦਰਣ ਵਾਲੇ ਸਾਕਾ ਨੀਲਾ ਤਾਰਾ ਨਾਲ ਸੰਬੰਧਿਤ ਇਹੋ ਜਿਹੀਆਂ ਅਸਚਰਜ ਗੱਲਾਂ ਦੇ ਖ਼ੁਲਾਸੇ ਕੀਤੇ ਗਏ ਨੇ ਕਿ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।
ਇਹ ਖ਼ੁਲਾਸੇ ਸਾਬਕਾ ਰਾਅ ਅਧਿਕਾਰੀ ਜੀਬੀਐੱਸ ਸਿੱਧੂ ਵੱਲੋਂ ਪੀਟੀਸੀ ਐਡੀਟਰ ਹਰਪ੍ਰੀਤ ਸਿੰਘ ਸਾਹਨੀ ਦੀ ਖ਼ਾਸ ਪੇਸ਼ਕਸ਼ 'ਵਿਚਾਰ ਤਕਰਾਰ' ਵਿਚ ਕੀਤੇ ਗਏ ਹਨ, ਜੋ ਅੱਜ ਰਾਤ 8 ਵੱਜੇ ਟੀਵੀ 'ਤੇ ਟੈਲੀਕਾਸਟ ਹੋਣ ਜਾ ਰਿਹਾ ਹੈ।
ਦੱਸ ਦੇਈਏ ਕਿ ਇਸ ਰਾਅ ਅਧਿਕਾਰੀ ਵੱਲੋਂ ਆਪਣੀ ਕਿਤਾਬ 'The Khalistan Conspiracy' ਵਿਚ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਕੇਂਦਰ ਸਰਕਾਰ ਨੇ ਸਾਲ 2020 ਵਿਚ ਕਿਸੀ ਵੀ ਸੇਵਾਮੁਕਤ ਸੁਰੱਖਿਆ ਅਧਿਕਾਰੀ ਨੂੰ ਖ਼ੁਫ਼ੀਆ ਸਰਕਾਰੀ ਕੰਮਾਂ ਨਾਲ ਸੰਬੰਧਿਤ ਕਿਤਾਬ ਛਾਪਣ 'ਤੇ ਰੋਕ ਲੱਗਾ ਦਿੱਤੀ ਹੈ। ਇਸਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਸਿੱਧੂ ਵੱਲੋਂ ਇਸ ਕਿਤਾਬ ਵਿਚ ਕਿੰਨੇ ਅਹਿਮ ਖ਼ੁਲਾਸੇ ਕੀਤੇ ਗਏ ਹਨ।
ਤੱਥਾਂ ਦਾ ਬਿਰਤਾਂਤ ਪੇਸ਼ ਕਰਦਿਆਂ ਜੀਬੀਐੱਸ ਸਿੱਧੂ ਨੇ ਅਹਿਮ ਖ਼ੁਲਾਸੇ ਕੀਤੇ ਕਿ ਕਿਵੇਂ ਸਮੇਂ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੁਆਰਾ ਰਾਜਨੀਤਿਕ ਲਾਭ ਪ੍ਰਾਪਤ ਕਰਨ ਲਈ ਸਾਕਾ ਨੀਲਾ ਤਾਰਾ ਰਾਹੀਂ ਬੇਇਨਸਾਫ਼ੀ ਅਤੇ ਖ਼ਾਲਿਸਤਾਨ ਪੱਖੀ ਭਾਵਨਾਵਾਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਫਿਰ ਕੁਚਲਿਆ ਗਿਆ।
ਉਨ੍ਹਾਂ ਦੱਸਿਆ ਕਿ ਸਾਕਾ ਨੀਲਾ ਤਾਰਾ ਦੀ ਵਿਉਂਤ 1980 ਦੀਆਂ ਲੋਕ ਸਭਾ ਚੋਣਾਂ ਹਾਰਣ ਮਗਰੋਂ ਹੀ ਬਣਾ ਲਈ ਗਈ ਸੀ ਤਾਂ ਜੋ ਇਹ ਦਰਸ਼ਾਇਆ ਜਾ ਸਕੇ ਕਿ ਖ਼ਾਲਿਸਤਾਨ ਦੇ ਬਣਨ ਨਾਲ ਮੁਲਕ ਦੇ ਦੋ ਟੋਟੇ ਹੋਣ ਵਾਲੇ ਹਨ ਅਤੇ ਜੇ ਕਰ ਕਾਂਗਰਸ ਲੋਕ ਸਭਾ ਚੋਣਾਂ ਜਿੱਤ ਹਕੂਮਤ 'ਚ ਆਉਂਦੀ ਹੈ ਤਾਂ ਮੁਲਕ ਦੇ ਟੋਟੇ ਹੋਣ ਤੋਂ ਬਚਾਇਆ ਜਾ ਸਕਦਾ ਹੈ। ਜਿਸ ਲਈ ਸਮੇਂ ਦੀ ਹਕੂਮਤ ਨੇ ਨਾ ਸਿਰਫ਼ ਪੰਜਾਬ 'ਚ ਸਿੱਖ-ਹਿੰਦੂ ਭਾਈਚਾਰੇ ਵਿਚ ਨਫ਼ਰਤ ਦੀ ਵਾੜ ਪਰੋਈ ਸਗੋਂ ਬੇਕਸੂਰ ਹਜ਼ਾਰਾਂ ਹਿੰਦੂ-ਸਿੱਖਾਂ ਨੂੰ ਆਪਣੇ ਰਾਜਨੀਤਿਕ ਫ਼ਾਇਦਿਆਂ ਲਈ ਸਦਾ ਦੀ ਨੀਂਦ ਸੁਲਾਹ ਦਿੱਤਾ।
ਜ਼ਿਕਰਯੋਗ ਹੈ ਕਿ ਸਿੱਧੂ ਵੱਲੋਂ ਲਿਖਤ 'The Khalistan Conspiracy' ਦਾ ਪੰਜਾਬੀ ਤਰਜਮਾਂ ਕਰਦੀ ਕਿਤਾਬ ਇਸ ਸਾਲ ਬਾਜ਼ਾਰ ਵਿਚ ਆਉਣ ਵਾਲੀ ਹੈ।