ਸਿੱਧੂ ਮੂਸੇਵਾਲਾ ਕਤਲ ਕੇਸ 'ਚ ਵੱਡਾ ਖੁਲਾਸਾ, ਮਿਊਜ਼ਿਕ ਇਡੰਸਟਰੀ ਦੇ 2 ਵੱਡੇ ਨਾਮ ਕੇਸ 'ਚ ਨਾਮਜ਼ਦ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਆਏ ਦਿਨ ਨਿੱਤ ਨਵੇਂ ਮੋੜ ਲੈ ਰਿਹਾ ਹੈ। ਸ਼ੁਰੂਆਤ ਵਿੱਚ ਇਸ ਨੂੰ ਗੈਂਗਸਟਰਾਂ ਵੱਲੋਂ ਕੀਤਾ ਗਿਆ ਕਤਲ ਹੀ ਮੰਨਿਆ ਜਾ ਰਿਹਾ ਸੀ ਪਰ ਹੁਣ ਇਸ ਦੇ ਤਾਰ ਮਿਊਜ਼ਿਕ ਇਡੰਸਟਰੀ ਨਾਲ ਜੁੜਦੇ ਦਿਖਾਈ ਦੇ ਰਹੇ ਹਨ। ਪੁਲਿਸ ਵੱਲੋਂ ਮਿਊਜ਼ਿਕ ਇਡੰਸਟਰੀ ਨਾਲ ਜੁੜੀਆਂ ਦੋ ਹਸਤੀਆਂ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਹੈ। ਬੀਤੇ ਦਿਨ ਮਾਨਸਾ ਪੁਲਿਸ ਵੱਲੋਂ ਜਿਨ੍ਹਾਂ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੰਗੀਤ ਜਗਤ ਨਾਲ ਜੁੜੀਆਂ ਦੋ ਹਸਤੀਆਂ ਵੀ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਕੰਵਰਪਾਲ ਗਰੇਵਾਲ ਤੇ ਜੋਤੀ ਪੰਧੇਰ ਵਜੋਂ ਹੋਈ ਹੈ। ਕੰਵਰਪਾਲ ਗਰੇਵਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਮਸ਼ਹੂਰ ਨਾਮ ਹੈ ਜੋ ਕਥਿਤ ਤੌਰ 'ਤੇ ਇੱਕ ਸੰਗੀਤ ਸਟੂਡੀਓ ਚਲਾਉਂਦਾ ਹੈ। ਇਹ ਵੀ ਪੜ੍ਹੋ: Sonali Phogat Case: ਗੋਆ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਇੱਕ ਹੋਰ ਨਸ਼ਾ ਤਸਕਰ ਗ੍ਰਿਫ਼ਤਾਰ ਦੋਵੇਂ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਸਿੱਧੂ ਮੂਸੇਵਾਲਾ ਦੇ ਦੋਸਤ ਸਨ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਹਨ। ਦੋਵੇਂ ਮੁਲਜ਼ਮਾਂ ’ਤੇ ਸਿੱਧੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਦਾਖ਼ਲ ਕੀਤੀ ਗਈ ਚਾਰਜਸ਼ੀਟ ਵਿੱਚ ਸੰਗੀਤ ਜਗਤ ਨਾਲ ਜੁੜੇ ਕਿਸੇ ਵੀ ਵਿਅਕਤੀ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਖ਼ਦਸ਼ਾ ਹੈ ਕਿ ਇਸ ਕੇਸ ਦੀ ਜਾਂਚ ਦੌਰਾਨ ਸੰਗੀਤ ਜਗਤ ਨਾਲ ਜੁੜੇ ਕੁਝ ਹੋਰ ਲੋਕ ਵੀ ਸਾਹਮਣੇ ਆ ਸਕਦੇ ਹਨ। ਕੱਲ੍ਹ ਨਾਮਜ਼ਦ ਕੀਤੇ ਗਏ ਪੰਜ ਵਿਅਕਤੀਆਂ ਵਿੱਚ ਦੋ ਸਿੱਧੂ ਦੇ ਗੁਆਂਢੀ ਹਨ, ਜਿਨ੍ਹਾਂ ਦਾ ਨਾਂ ਜਗਤਾਰ ਸਿੰਘ ਤੇ ਅਵਤਾਰ ਸਿੰਘ ਹੈ। ਜਗਤਾਰ ਨੇ ਹੀ ਸਿੱਧੂ ਦੀ ਮੁਲਾਕਾਤ ਕੰਵਰਪਾਲ ਤੇ ਜੋਤੀ ਪੰਧੇਰ ਨਾਲ ਕਰਵਾਈ ਸੀ। ਜ਼ਿਕਰਯੋਗ ਹੈ ਕਿ ਜਗਤਾਰ ਪਹਿਲਾਂ ਸਿੱਧੂ ਦਾ ਨਜ਼ਦੀਕੀ ਰਿਹਾ ਹੈ ਤੇ ਉਸ ਦੇ ਗੀਤਾਂ ਦੀ ਪ੍ਰਮੋਸ਼ਨ ਵੀ ਕਰਦਾ ਰਿਹਾ ਹੈ। ਮਗਰੋਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਅਣਬਣ ਹੋ ਗਈ ਸੀ। -PTC News