CM ਭਗਵੰਤ ਮਾਨ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਕੀਤੇ ਅਹਿਮ ਐਲਾਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਲਈ ਅਹਿਮ ਐਲਾਨ ਕੀਤੇ ਗਏ ਹਨ। ਸੀਐਮ ਮਾਨ ਨੇ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀ ਦੇ ਅਧਿਆਪਕਾਂ ਲਈ ਯੂਜੀਸੀ ਦਾ (7ਵਾਂ) ਸੋਧਿਆ ਤਨਖਾਹ ਸਕੇਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਧਿਆਪਕਾਂ ਦੀ ਪੁਰਾਣੀ ਮੰਗ ਪੂਰੀ ਕਰ ਦਿੱਤੀ ਹੈ ਪਰ ਇਸ ਦਾ ਅਧਿਕਾਰਤ ਤੌਰ 'ਤੇ ਨੋਟੀਫਿਕੇਸ਼ਨ ਬਾਅਦ 'ਚ ਜਾਰੀ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਕਾਲਜਾਂ ਵਿੱਚ ਗੈਸਟ ਫੈਕਲਟੀ ਉੱਤੇ ਅਧਿਆਪਕ ਰੱਖਣ ਦੀ ਪ੍ਰਵਾਨਗੀ ਦਿੱਤੀ ਹੈ ਅਤੇ ਜਿਹੜੇ ਗੈਸਟ ਫੈਕਲਟੀ ਉੱਤੇ ਪਹਿਲਾ ਕੰਮ ਕਰਦੇ ਹਨ ਉਨ੍ਹਾਂ ਦੀ ਤਨਖਾਹ ਵਿੱਚ ਵੀ ਵਾਧਾ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 1 ਅਕਤੂਬਰ 2022 ਤੋਂ ਕਾਲਜ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਲਈ ਯੂਜੀਸੀ ਦਾ 7ਵਾਂ ਤਨਖਾਹ ਸਕੇਲ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਨੋਟੀਫਿਕੇਸ਼ ਜਾਰੀ ਕੀਤਾ ਜਾਵੇਗਾ। ਇਸ ਫੈਸਲੇ ਦਾ ਯੂਨੀਵਰਸਿਟੀ ਅਤੇ ਕਾਲਜਾਂ ਦੇ ਤਕਰੀਬਨ ਸਾਢੇ ਪੰਜ ਹਜ਼ਾਰ ਰੈਗੂਲਰ ਅਧਿਆਪਕਾਂ ਨੂੰ ਲਾਭ ਹੋਵੇਗਾ। ਇਸ ਨਾਲ ਹਰ ਅਧਿਆਪਕ ਨੂੰ 20 ਤੋਂ 45 ਹਜ਼ਾਰ ਤੱਕ ਦਾ ਫਾਇਦਾ ਹੋਵੇਗਾ।
ਅਧਿਆਪਕ ਦਿਵਸ ਨੂੰ ਆਪਣੇ ਜੀਵਨ ਦਾ ਖਾਸ ਦਿਨ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਹੈ ਕਿ ਮੈਂ ਖੁਦ ਅਧਿਆਪਕ ਦਾ ਪੁੱਤਰ ਹਾਂ ਜਿਸ ਕਰਕੇ ਮੇਰੇ ਲਈ ਅੱਜ ਦਾ ਦਿਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਮਾਪਿਆਂ ਤੋਂ ਬਾਅਦ ਬੱਚੇ ਦੀ ਸਾਕਾਰਤਮਕ ਸਿਰਜਣਾ ਵਿਚ ਸਭ ਤੋਂ ਅਹਿਮ ਭੂਮਿਕਾ ਅਧਿਆਪਕ ਦੀ ਹੁੰਦੀ ਹੈ ਜੋ ਵਿਦਿਆਰਥੀ ਜੀਵਨ ਵਿਚ ਬੱਚੇ ਦਾ ਮਾਰਗਦਰਸ਼ਨ ਕਰਦਾ ਹੈ। ਇਸੇ ਕਰਕੇ ਅਧਿਆਪਕਾਂ ਨੂੰ ਸਤਿਕਾਰ ਵਜੋਂ ‘ਕੌਮ ਦੇ ਨਿਰਮਾਤਾ’ ਕਿਹਾ ਜਾਂਦਾ ਹੈ। ਬੱਚਿਆਂ ਦੇ ਬਿਹਤਰ ਭਵਿੱਖ ਲਈ ਦਿਆਨਤਦਾਰੀ, ਲਗਨ ਤੇ ਸਮਰਪਣ ਭਾਵਨਾ ਨਾਲ ਡਿਊਟੀ ਨਿਭਾਅ ਰਹੇ ਸਮੂਹ ਅਧਿਆਪਕਾਂ ਨੂੰ ਮੈਂ ਅੱਜ ਦੇ ਦਿਨ ਦੀ ਵਧਾਈ ਦਿੰਦਾ ਹਾਂ।
(ਰਿਪੋਰਟ- ਗਗਨਦੀਪ ਅਹੂਜਾ)
ਇਹ ਵੀ ਪੜ੍ਹੋ:ਬਠਿੰਡਾ 'ਚ ਨਹੀਂ ਚੱਲੇਗੀ ਡੀਸੀ ਦੀ ਧੱਕੇਸ਼ਾਹੀ : ਸੁਖਪਾਲ ਸਰਾਂ
-PTC News