ਭਾਈ ਸਾਬ ਸਿੰਘ ਤੇ ਬਲਵਿੰਦਰ ਸਿੰਘ ਦੇ ਫਰਜ਼ੀ ਮੁਕਾਬਲੇ 'ਚ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ
ਅੰਮ੍ਰਿਤਸਰ : 1992 ਵਿਚ ਹੋਏ ਫਰਜ਼ੀ ਪੁਲਿਸ ਮੁਕਾਬਲੇ ਵਿਚ ਸੀਬੀਆਈ ਦੀ ਅਦਾਲਤ ਨੇ ਦੋਸ਼ੀ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। 1992 ਵਿਚ ਦੋ ਨੌਜਵਾਨਾਂ ਭਾਈ ਸਾਬ ਸਿੰਘ ਤੇ ਬਲਵਿੰਦਰ ਸਿੰਘ ਦੇ ਫਰਜ਼ੀ ਪੁਲਿਸ ਮੁਕਾਬਲੇ ਸਬੰਧੀ ਪਰਿਵਾਰਕ ਮੈਂਬਰਾਂ ਵੱਲੋਂ ਸੀਬੀਆਈ ਦੀ ਅਦਾਲਤ ਵਿਚ ਇਨਸਾਫ਼ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਸਬੰਧੀ ਸੀਬੀਆਈ ਅਦਾਲਤ ਨੇ 30 ਸਾਲ ਬਾਅਦ ਫ਼ੈਸਲਾ ਸੁਣਾਉਂਦਿਆਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਪਰਿਵਾਰਕ ਮੈਂਬਰਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਥੇ ਨਿਆਪਾਲਿਕਾ ਦਾ ਧੰਨਵਾਦ ਕੀਤਾ ਉਥੇ ਹੀ ਦੇਰੀ ਨਾਲ ਇਨਸਾਫ਼ ਮਿਲਣ ਉਤੇ ਨਿਰਾਸ਼ਾ ਵੀ ਜ਼ਾਹਿਰ ਕੀਤੀ। ਇਸ ਸਬੰਧੀ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਬਲਵਿੰਦਰ ਸਿੰਘ ਤੇ ਸਾਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 1992 ਵਿਚ ਦੋਹਾਂ ਨੂੰ ਮੱਧ ਪ੍ਰਦੇਸ਼ ਤੋਂ ਲਿਆ ਕੇ ਮਹਿਤਾ ਥਾਣੇ ਦੀ ਪੁਲਿਸ ਵੱਲੋਂ ਦੋਵਾਂ ਦਾ ਫਰਜ਼ੀ ਐਨਕਾਊਂਟਰ ਕਰ ਦਿੱਤਾ ਗਿਆ ਤੇ ਝੂਠੇ ਮੁਕਾਬਲੇ ਦੀ ਕਹਾਣੀ ਬਣਾ ਫਾਇਲ ਬੰਦ ਕਰ ਦਿੱਤੀ। ਇਸ ਉਪਰ ਸੀਬੀਆਈ ਨੇ ਜਾਂਚ ਤੋਂ ਬਾਅਦ ਸਾਰੇ ਸਬੂਤਾਂ ਨੂੰ ਝੂਠੇ ਕਰਾਰ ਦਿੰਦਿਆ ਤਿੰਨੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਪਰ ਪਰਿਵਾਰ ਨੂੰ ਜਿਥੇ ਇਨਸਾਫ਼ ਮਿਲਣ ਦੀ ਤਸੱਲੀ ਹੈ ਉਥੇ ਹੀ ਇਨਸਾਫ਼ ਮਿਲਣ ਵਿਚ ਹੋਈ ਦੇਰੀ ਉਤੇ ਨਿਰਾਸ਼ਾ ਵੀ ਜ਼ਾਹਿਰ ਕੀਤੀ ਕਿਉਂਕਿ ਇਨਸਾਫ਼ ਦੀ ਉਡੀਕ ਵਿਚ ਉਨ੍ਹਾਂ ਦੇ ਮਾਪੇ ਮਰ ਗਏ ਤੇ ਦੋਸ਼ੀਆਂ ਵਿਚੋਂ ਐਸਐਚਓ ਥਾਣਾ ਮਹਿਤਾ ਰਜਿੰਦਰ ਸਿੰਘ ਦੀ ਵੀ ਮੌਤ ਹੋ ਗਈ ਸੀ ਤੇ ਦੋ ਦੋਸ਼ੀ ਐਸਆਈ ਕਿਸ਼ਨ ਸਿੰਘ ਤੇ ਤਰਸੇਮ ਸਿੰਘ ਡੀਐਸਪੀ ਬਣ ਕੇ ਰਿਟਾਇਰ ਹੋ ਗਏ ਅਤੇ ਹੁਣ ਉਨ੍ਹਾਂ ਦੀ ਸਾਰੀ ਉਮਰ ਲੰਘਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਬੇਮਤਲਬ ਲੱਗਦੀ ਹੈ। -PTC News ਇਹ ਵੀ ਪੜ੍ਹੋ : ਗੁਲਾਬੀ ਸੁੰਡੀ ਕਾਰਨ ਨਰਮਾ ਤਬਾਹ, ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਮੁਆਵਜ਼ੇ ਲਈ ਧਰਨਾ