ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਬਹੁਮਤ ਹਾਸਲ ਕੀਤਾ। ਆਮ ਆਦਮੀ ਪਾਰਟੀ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ 16 ਮਾਰਚ ਨੂੰ ਸਹੁੰ ਚੁੱਕਣ ਜਾ ਰਹੇ ਹਨ। ਇਹ ਸਹੁੰ ਚੁੱਕ ਸਮਾਗਮ ਬੁੱਧਵਾਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਕਰਵਾਇਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸੀਆਂ ਨੂੰ ਇਸ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੁਹਾਡੀ ਸਰਕਾਰ ਬਣਨ ਜਾ ਰਹੀ ਹੈ ਅਤੇ ਸਾਰੇ ਪੁੱਜਣ। ਉਨ੍ਹਾਂ ਨੇ ਇਹ ਸਮਾਗਮ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕਰਨ ਦੀ ਅਪੀਲ ਕੀਤੀ ਅਤੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਸਾਥੀਆਂ ਵੱਲੋਂ ਦਰਸਾਏ ਮਾਰਗ ਉਤੇ ਚੱਲਣ ਲਈ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ, ''ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਉਸ ਦਿਨ ਪੀਲੀ ਪੱਗਾਂ ਬੰਨ੍ਹ ਅਤੇ ਭੈਣਾਂ ਪੀਲੇ ਸ਼ਾਲ ਜਾਂ ਸਟਾਲ ਲੈ ਕੇ ਆਉਣ। ਅਸੀਂ ਉਸ ਦਿਨ ਨੂੰ ਬਸੰਤੀ ਰੰਗ ਵਿੱਚ ਖਟਕੜ ਕਲਾ ਨੂੰ ਰੰਗ ਦਵਾਂਗੇ।'' ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਅਪਲੋਡ ਕੀਤੀ ਜਿਸ ਵਿੱਚ ਪੰਜਾਬ ਦੇ ਲੋਕਾਂ ਨੂੰ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। “ਇਹ ਸਿਰਫ਼ ਮੈਂ ਨਹੀਂ, ਸਗੋਂ ਪੰਜਾਬ ਦੇ ਤਿੰਨ ਕਰੋੜ ਲੋਕ ਵੀ ਸਹੁੰ ਚੁੱਕਣਗੇ। ਸਾਨੂੰ ਸਾਰਿਆਂ ਨੂੰ ਮਿਲ ਕੇ ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨਾ ਹੋਵੇਗਾ। ਮੈਂ ਇਕੱਲਾ ਮੁੱਖ ਮੰਤਰੀ ਨਹੀਂ ਬਣਿਆ, ਤੁਸੀਂ ਸਾਰੇ ਪੰਜਾਬ ਦੇ ਲੋਕ ਮੁੱਖ ਮੰਤਰੀ ਬਣੇ ਹੋ। ਕ੍ਰਾਂਤੀਕਾਰੀ ਕਵੀ ਰਾਮ ਪ੍ਰਸਾਦ ਬਿਸਮਿਲ ਦੁਆਰਾ ਲਿਖੇ ਅਤੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਭਾਵਨਾ ਨਾਲ ਮਸ਼ਹੂਰ ਗੀਤ 'ਰੰਗ ਦੇ ਬਸੰਤੀ' ਆਮ ਆਦਮੀ ਪਾਰਟੀ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਦਾ ਥੀਮ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਦੌਰਾਨ ਵੀ ਲੋਕ ਵੱਡੀ ਗਿਣਤੀ ਵਿੱਚ ਪੀਲੀਆਂ ਪੱਗਾਂ ਬੰਨ੍ਹ ਕੇ ਆਏ ਸਨ ਅਤੇ ਰੋਡ ਸ਼ੋਅ ਦੌਰਾਨ 'ਰੰਗ ਦੇ ਬਸੰਤੀ ਚੋਲਾ' ਵੱਜ ਰਿਹਾ ਸੀ। ਇਹ ਵੀ ਪੜ੍ਹੋ : ਏ.ਵੇਣੂ ਪ੍ਰਸਾਦ ਨੇ ਵਧੀਕ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ