ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਅੱਜ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸਪੀਕਰ ਓਮ ਬਿਰਲਾ ਨੂੰ ਆਪਣਾ ਅਸਤੀਫ਼ਾ ਦੇਣ ਤੋਂ ਪਹਿਲਾਂ ਆਖ਼ਰੀ ਵਾਰ ਲੋਕ ਸਭਾ ਵਿੱਚ ਹਿੱਸਾ ਲਿਆ ਤੇ ਸੰਬੋਧਨ ਕੀਤਾ। ਅਸਤੀਫ਼ਾ ਦੇਣ ਬਾਅਦ ਮਾਨ ਨੇ ਕਿਹਾ ਕਿ ਇਸ ਸਦਨ ਦੀ ਯਾਦ ਆਏਗੀ ਪਰ ਹੁਣ ਵੱਡੀ ਜ਼ਿੰਮੇਵਾਰੀ ਨਿਭਾਉਣੀ ਹੈ ਜਿਸ ਕਾਰਨ ਇਹ ਅਸਤੀਫਾ ਦੇਣਾ ਪਿਆ ਹੈ। ਪੰਜਾਬ ਰਵਾਨਾ ਹੋਣ ਤੋਂ ਪਹਿਲਾਂ ਮਾਨ ਨੇ ਲੋਕ ਸਭਾ ਵਿੱਚ ਆਪਣੇ ਆਖਰੀ ਦਿਨ ਕਿਹਾ, 'ਮੈਂ ਇਸ ਸਦਨ ਨੂੰ ਯਾਦ ਕਰਾਂਗਾ। ਪੰਜਾਬ ਦੇ ਲੋਕਾਂ ਨੇ ਮੈਨੂੰ ਪੂਰੇ ਸੂਬੇ ਦੀ ਸੇਵਾ ਲਈ ਇਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ।' ਉਨ੍ਹਾਂ ਕਿਹਾ ਮੈਂ ਇਥੋਂ ਦੇ ਲੋਕਾਂ ਨੂੰ ਵੀ ਵਾਅਦਾ ਕਰਦਾ ਹਾਂ ਕਿ ਸੰਗਰੂਰ ਤੋਂ ਤੁਹਾਡੀ ਇਕ ਹੋਰ ਆਵਾਜ਼ ਛੇਤੀ ਹੀ ਲੋਕ ਸਭਾ ਵਿੱਚ ਗੂੰਜੇਗੀ। ਉਨ੍ਹਾਂ ਨੇ ਕਿਹਾ ਕਿ ਹਮੇਸ਼ਾ ਪੰਜਾਬ ਵਾਸੀਆਂ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਮਾਨ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਹਲਫ਼ ਲੈਣਗੇ। ਹਲਫ਼ਦਾਰੀ ਸਮਾਗਮ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸਥਿਤ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਚੋਣਾਂ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ ਹੈ। ਲੋਕਾਂ ਨੇ ਇਸ ਵਾਰ ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰ ਕੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ। ਇਸ ਵਾਰ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਪਾਰਟੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਇਹ ਵੀ ਪੜ੍ਹੋ : ਪੰਜਾਬ ਸਰਕਾਰ ਚਲਾਉਣ ਲਈ 'ਆਪ' ਕੋਲ ਕਾਫੀ ਤਜ਼ਰਬਾ ਹੈ - ਭਗਵੰਤ ਮਾਨ