ਭਗਵੰਤ ਮਾਨ ਸਰਕਾਰ ਦਾ ਪਹਿਲਾ ਵਿਧਾਨ ਸਭਾ ਇਜਲਾਸ ਆਰੰਭ

By  Jasmeet Singh March 17th 2022 11:39 AM -- Updated: March 17th 2022 12:33 PM

ਚੰਡੀਗੜ੍ਹ, 17 ਮਾਰਚ: ਪੰਜਾਬ ਦੀ 16ਵੀਂ ਵਿਧਾਨ ਸਭ ਦਾ ਇਜਲਾਸ ਸ਼ੁਰੂ ਹੋ ਚੁਕਿਆ ਹੈ ਜਿਸ ਨੂੰ ਮੁਖ ਰੱਖਦੇ 90 ਵਿਧਾਇਕ ਵਿਧਾਨ ਸਭਾ ਪਹੁੰਚ ਚੁੱਕੇ ਨੇ ਤੇ ਪਹਿਲੇ ਦਿਨ ਇਨ੍ਹਾਂ ਵਿਧਾਇਕਾਂ ਨੇ ਹਲਫ ਲਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਪਹਿਲੇ ਦਿਨ ਇੱਕ 'ਕੂ' ਕਰਕੇ ਸਿਆਸੀ ਗਲਿਆਰਿਆਂ 'ਚ ਤਹਿਲਕਾ ਮਚਾ ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ "ਪੰਜਾਬ ਦੇ ਹਿੱਤ 'ਚ ਅੱਜ ਇੱਕ ਬਹੁਤ ਵੱਡਾ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਕਿਸੇ ਨੇ ਵੀ ਅਜਿਹਾ ਫ਼ੈਸਲਾ ਨਹੀਂ ਲਿਆ ਹੋਵੇਗਾ। ਕੁਝ ਹੀ ਦੇਰ ਤਕ ਐਲਾਨ ਕਰਾਂਗਾ..."

ਜਿਥੇ ਇੱਕ ਪਾਸੇ ਆਪ ਦੇ ਵਿਧਾਇਕਾਂ ਵਲੋਂ ਵਿਧਾਨ ਸਭਾ 'ਚ ਹਲਫ ਲਿਆ ਜਾ ਰਿਹਾ ਸੀ, ਉਨ੍ਹਾਂ ਦੇ ਮੁੱਖੀ ਭਗਵੰਤ ਮਾਨ ਨੇ ਇਸ ਟਵੀਟ ਨਾਲ ਸਾਰਿਆਂ ਦਾ ਧਿਆਨ ਇੱਕ ਵਾਰਾਂ ਫਿਰ ਆਪਣੇ ਪਾਸੇ ਖਿੱਚ ਲਿਆ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਵਿਧਾਨ ਸਭਾ ਦੇ ਵਿਸ਼ੇਸ਼ ਇੱਕ ਰੋਜ਼ਾ ਇਜਲਾਸ ਲਈ ਪੰਜਾਬ ਵਿਧਾਨ ਸਭਾ 'ਚ 90 ਨਵੇਂ ਚੁਣੇ ਵਿਧਾਇਕਾਂ ਵਲੋਂ ਹਾਜ਼ਰੀ ਭਰੀ ਗਈ। ਇਹ ਵਿਧਾਨ ਸਭਾ ਸੈਸ਼ਨ 17, 21 ਅਤੇ 22 ਮਾਰਚ ਨੂੰ ਤਿੰਨ ਦਿਨ ਚੱਲ ਰਿਹਾ ਹੈ। ਇਸ ਲਈ ਡਾ: ਇੰਦਰਬੀਰ ਸਿੰਘ ਨਿੱਝਰ ਨੂੰ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ ਹੈ। ਇੰਦਰਬੀਰ ਸਿੰਘ ਨਿੱਝਰ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਹਨ। ਭਗਵੰਤ ਮਾਨ ਨੇ 16 ਮਾਰਚ ਨੂੰ ਖਟਕੜ ਕਲਾਂ ਵਿਖੇ ਪੰਜਾਬ ਸਰਕਾਰ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ ਅਤੇ ਉਨ੍ਹਾਂ ਨੇ ਪੰਜਾਬ ਸਕੱਤਰੇਤ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀਰਵਾਰ ਤੋਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੱਦਿਆ ਗਿਆ ਹੈ। -PTC News

Related Post