ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ, ਸੁਖਬੀਰ ਸਿੰਘ ਬਾਦਲ ਨੇ ਕੋਰਟ ਦੇ ਫੈਸਲੇ ਦਾ ਕੀਤਾ ਸੁਆਗਤ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ’ਤੇ ਹਾਈ ਕੋਰਟ ਵੱਲੋਂ ਰੋਕ ਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਪਾਰਟੀ ਵੱਲੋਂ ਨਿਆਂਪਾਲਿਕਾ ਦੀ ਨਿਰਪੱਖਤਾ ਵਿਚ ਪ੍ਰਗਟਾਇਆ ਵਿਸ਼ਵਾਸ ਸੱਚਾ ਸਾਬਤ ਹੋਇਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਪ੍ਰਧਾਨ ਨੇ ਕਿਹਾ ਕਿ ਨਿਆਂਪਾਲਿਕਾ ਸਾਡੇ ਦੇਸ਼ ਵਿਚ ਤੰਗ ਪ੍ਰੇਸ਼ਾਨ ਕਰਨ ਅਤੇ ਮੁਕੱਦਮੇਬਾਜ਼ੀ ਵਿਚ ਫਸਾਉਣ ਖਿਲਾਫ ਬਚਾਅ ਕਰਦੀ ਹੈ। ਉਹਨਾਂ ਕਿਹਾ ਕਿ ਜਦੋਂ ਵੀ ਕਾਨੁੰਨ ਦੀ ਸਿਆਸੀ ਮੰਤਵਾਂ ਵਾਸਤੇ ਦੁਰਵਰਤੋਂ ਹੁੰਦੀ ਹੈ ਤਾਂ ਇਹ ਨਿਆਂਪਾਲਿਕਾ ਹੈ ਜੋ ਦਖਲ ਦੇ ਕੇ ਵਿਅਕਤੀ ਦਾ ਮਾਣ ਸਤਿਕਾਰ ਬਹਾਲ ਰੱਖਦੀ ਹੈ। ਉਹਨਾਂ ਕਿਹਾ ਕਿ ਅੱਜ ਵੀ ਇਹੋ ਕੁਝ ਹੋਇਆ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਇਹ ਕਹਿੰਦਾ ਰਿਹਾ ਹੈ ਕਿ ਕਾਂਗਰਸ ਸਰਕਾਰ ਅਕਾਲੀ ਲੀਡਰਸ਼ਿਪ ਦੇ ਖਿਲਾਫ ਨਿੱਜੀ ਤੇ ਸਿਆਸੀ ਬਦਲਾਖੋਰੀ ਨਾਲ ਕੰਮ ਕਰ ਰਹੀ ਹੈ ਤੇ ਇਹ ਹਾਲ ਹੀ ਵਿਚ ਵਾਪਰੇ ਘਟਨਾਕ੍ਰਮ ਤੋਂ ਸਾਬਤ ਵੀ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਲੋਕਾਂ ਨੁੰ ਇਸ ਨੀਤੀ ਦਾ ਖਮਿਆਜ਼ਾ ਝੱਲਣਾ ਪੈਂਦਾ ਹੈ।