ਤਿਰੂਵਨੰਤਪੁਰਮ, 18 ਸਤੰਬਰ: ਕੇਰਲ ਵਿਚ ਐਤਵਾਰ ਨੂੰ ਇਕ ਆਟੋ-ਰਿਕਸ਼ਾ ਚਾਲਕ ਨੇ 25 ਕਰੋੜ ਰੁਪਏ ਦੀ ਓਨਮ ਬੰਪਰ ਲਾਟਰੀ ਜਿੱਤੀ। ਉਹ ਸ਼ੈੱਫ ਵਜੋਂ ਕੰਮ ਕਰਨ ਲਈ ਮਲੇਸ਼ੀਆ ਜਾਣ ਦੀ ਯੋਜਨਾ ਬਣਾ ਰਿਹਾ ਸੀ ਅਤੇ 3 ਲੱਖ ਰੁਪਏ ਦੇ ਕਰਜ਼ੇ ਲਈ ਉਸ ਦੀ ਅਰਜ਼ੀ ਮਨਜ਼ੂਰ ਹੋਣ ਤੋਂ ਇਕ ਦਿਨ ਬਾਅਦ ਹੀ ਉਸ ਨੇ ਇਹ ਲਾਟਰੀ ਜਿੱਤੀ ਲਈ। ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਸ਼੍ਰੀਵਰਾਹਮ ਦੇ ਰਹਿਣ ਵਾਲੇ ਅਨੂਪ ਨੇ ਸ਼ਨੀਵਾਰ ਨੂੰ ਹੀ ਜੇਤੂ ਟਿਕਟ ਖਰੀਦੀ ਸੀ। ਪਰ ਇਹ ਟਿਕਟ ਉਸਦੀ ਪਹਿਲੀ ਪਸੰਦ ਨਹੀਂ ਸੀ। ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲੀ ਟਿਕਟ ਪਸੰਦ ਨਾ ਆਉਣ ਮਗਰੋਂ ਉਸਨੇ ਇੱਕ ਵੱਖਰੀ ਟਿਕਟ ਦੀ ਚੋਣ ਕੀਤੀ, ਜੋ ਜੇਤੂ ਸਾਬਤ ਹੋਈ। ਕਰਜ਼ਾ ਅਤੇ ਆਪਣੀ ਮਲੇਸ਼ੀਆ ਯਾਤਰਾ ਦੇ ਬਾਰੇ ਵਿੱਚ ਅਨੂਪ ਨੇ ਕਿਹਾ ਕਿ ਅੱਜ ਬੈਂਕ ਨੇ ਕਰਜ਼ੇ ਦੇ ਸਬੰਧ ਵਿੱਚ ਫੋਨ ਕੀਤਾ ਅਤੇ ਮੈਂ ਕਿਹਾ ਕਿ ਮੈਨੂੰ ਹੁਣ ਇਸਦੀ ਲੋੜ ਨਹੀਂ ਹੈ। ਮੈਂ ਮਲੇਸ਼ੀਆ ਵੀ ਨਹੀਂ ਜਾਵਾਂਗਾ। ਅਨੂਪ ਨੇ ਦੱਸਿਆ ਕਿ ਉਹ ਪਿਛਲੇ 22 ਸਾਲਾਂ ਤੋਂ ਲਾਟਰੀ ਟਿਕਟਾਂ ਖਰੀਦ ਰਿਹਾ ਹੈ ਅਤੇ ਪਿਛਲੇ ਸਮੇਂ ਵਿੱਚ ਕੁਝ ਸੌ ਤੋਂ ਵੱਧ ਤੋਂ ਵੱਧ 5,000 ਰੁਪਏ ਤੱਕ ਦੀ ਰਕਮ ਜਿੱਤ ਚੁੱਕਾ ਹੈ। ਉਸਨੇ ਕਿਹਾ ਕਿ ਮੈਨੂੰ ਜਿੱਤਣ ਦੀ ਉਮੀਦ ਨਹੀਂ ਸੀ ਅਤੇ ਇਸ ਲਈ ਮੈਂ ਟੀਵੀ 'ਤੇ ਲਾਟਰੀ ਦੇ ਨਤੀਜੇ ਨਹੀਂ ਦੇਖ ਰਿਹਾ ਸੀ। ਹਾਲਾਂਕਿ ਜਦੋਂ ਮੈਂ ਆਪਣਾ ਫ਼ੋਨ ਚੈੱਕ ਕੀਤਾ ਤਾਂ ਦੇਖਿਆ ਕਿ ਮੈਂ ਜਿੱਤ ਗਿਆ ਸੀ। ਮੈਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਿਆ ਅਤੇ ਆਪਣੀ ਪਤਨੀ ਨੂੰ ਦਿਖਾਇਆ। ਉਸਨੇ ਪੁਸ਼ਟੀ ਕੀਤੀ ਕਿ ਸਾਡਾ ਜੇਤੂ ਨੰਬਰ ਸੀ। ਟੈਕਸ ਕੱਟੇ ਜਾਣ ਤੋਂ ਬਾਅਦ ਅਨੂਪ ਤਕਰੀਬਨ 15 ਕਰੋੜ ਰੁਪਏ ਘਰ ਲੈ ਜਾਵੇਗਾ। -PTC News