ਬਾਂਹ ਮਰੋੜ ਕੇ ਫਿਰੌਤੀ ਲੈਣ ਦੀ ਕੋਸ਼ਿਸ ਜਾਂ ਰਿਸਵਤ, ਜਾਂਚ ਦਾ ਵਿਸ਼ਾ: ਸੁਨੀਲ ਜਾਖੜ

By  Jasmeet Singh October 17th 2022 08:23 PM

ਚੰਡੀਗੜ੍ਹ, 17 ਅਕਤੂਬਰ: ਭਾਜਪਾ ਆਗੂ ਅਤੇ ਸਾਬਕਾ ਸਾਂਸਦ ਸੁਨੀਲ ਜਾਖੜ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਮਾਮਲੇ ਵਿਚ ਵਿਜੀਲੈਂਸ ਅਧਿਕਾਰੀ ਵੱਲੋਂ ਅਰੋੜਾ ਨੂੰ ਆਪਣੇ ਘਰ ਮਿਲਣ ਲਈ ਬੁਲਾਉਣ ਤੇ ਸਵਾਲ ਚਿੰਨ੍ਹ ਖੜ੍ਹੇ ਕਰਦਿਆਂ ਕਿਹਾ ਹੈ ਕਿ ਇਕ ਜਾਂਚ ਅਧਿਕਾਰੀ ਨੇ ਕਿਸ ਮਕਸਦ ਨਾਲ ਉਨ੍ਹਾਂ ਨੂੰ ਘਰ ਬੁਲਾਇਆ ਇਹ ਵੀ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਖਦਸਾ ਜਾਹਿਰ ਕੀਤਾ ਕਿ ਰਾਜ ਵਿਚ ਕਾਨੂੰਨ ਵਿਵਸਥਾ ਪੂਰੀ ਤਰਾਂ ਫੇਲ ਹੋਣ ਅਤੇ ਗੁਜਰਾਤ ਚੋਣਾਂ ਵਿਚ ਲਾਹਾ ਲੈਣ ਲਈ 'ਆਪ' ਪਾਰਟੀ ਇਸ ਤਰਾਂ ਦੇ ਸਟੰਟ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਾਂਚ ਅਧਿਕਾਰੀਆਂ ਵੱਲੋਂ ਬਾਂਹ ਮਰੋੜ ਕੇ ਲਈ ਜਾਂ ਰਹੀ ਕਥਿਤ ਫਿਰੌਤੀ ਸੀ ਜਾਂ ਇਹ ਭ੍ਰਿਸ਼ਟਾਚਾਰ ਹੋਇਆ ਹੈ ਇਸਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜਾਖੜ ਨੇ ਕਿਹਾ ਕਿ ਜਿਸ ਪਲਾਟਾਂ ਦੀ ਵੰਡ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਵਿਚ ਸੁੰਦਰ ਸ਼ਾਮ ਅਰੋੜਾ ਨੂੰ ਲੋਕਪਾਲ ਵੱਲੋਂ ਪਹਿਲਾਂ ਹੀ ਨਿਰਦੋਸ਼ ਪਾਇਆ ਗਿਆ ਹੈ। ਪਰ ਫਿਰ ਵੀ ਜ਼ੇਕਰ ਸਰਕਾਰ ਜਾਂਚ ਕਰਵਾਉਣਾ ਚਾਹੁੰਦੀ ਹੈ ਤਾਂ ਬੇਸ਼ਕ ਕਰਵਾਏ ਪਰ ਸਰਕਾਰੀ ਕਾਨੂੰਨਾਂ ਅਤੇ ਨਿਯਮਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਸਾਬਕਾ ਸਾਂਸਦ ਨੇ ਕਿਹਾ ਕਿ ਸਿੱਧੂ ਮੁੱਸੇਵਾਲਾ ਦੇ ਕਾਤਲ ਦਾ ਪੁਲਿਸ ਦੀ ਮਦਦ ਨਾਲ ਹੀ ਪੁਲਿਸ ਹਿਰਾਸਤ ਵਿਚੋਂ ਭੱਜ ਜਾਣਾ, ਦੇਸ਼ ਵਿਰੋਧੀ ਤਾਕਤਾਂ ਦੀਆਂ ਸਰਗਰਮੀਆਂ ਨਾਲ ਲੋਕਾਂ ਵਿਚ ਵੱਧ ਰਿਹਾ ਸਹਿਮ, ਜੇਲ੍ਹਾਂ ਵਿਚੋਂ ਲਗਾਤਾਰ ਮਿਲ ਰਹੇ ਮੋਬਾਇਲ ਆਦਿ ਹਾਲਾਤ ਪ੍ਰਮਾਣ ਹਨ ਕਿ ਰਾਜ ਵਿਚ ਕਾਨੂੰਨ ਵਿਵਸਥਾਂ ਢਹਿ ਢੇਰੀ ਹੋ ਚੁੱਕੀ ਹੈ ਅਤੇ ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣ ਲਈ 'ਆਪ' ਸਰਕਾਰ ਨੂੰ ਕਿਸੇ ਅਜਿਹੇ ਡਰਾਮੇ ਦੀ ਜਰੂਰਤ ਸੀ ਜਿਸ ਨਾਲ ਉਹ ਲੋਕਾਂ ਦਾ ਧਿਆਨ ਇੰਨ੍ਹਾਂ ਮੁੱਦਿਆਂ ਤੋਂ ਹਟਾ ਸਕੇ। ਜਾਖੜ ਨੇ ਕਿਹਾ ਕਿ ਇਕ ਪਾਸੇ ਤਾਂ 'ਆਪ' ਸਰਕਾਰ ਦੇ ਇਕ ਮੰਤਰੀ ਦੀ ਆਡੀਓ ਕਲਿੱਪ ਵਾਇਰਲ ਹੋਈ ਨੂੰ ਮਹੀਨਾ ਹੋ ਚੁੱਕਾ ਹੈ ਜਿਸ ਵਿਚ ਸਪੱਸ਼ਟ ਤੌਰ 'ਤੇ ਭ੍ਰਿਸ਼ਟਾਚਾਰ ਸਬੰਧੀ ਗੱਲਬਾਤ ਹੋ ਰਹੀ ਹੈ। ਉਕਤ ਮਾਮਲੇ ਵਿਚ ਤਾਂ 'ਆਪ' ਸਰਕਾਰ ਕਾਰਵਾਈ ਕਰ ਨਹੀਂ ਰਹੀ ਹੈ ਜਦ ਕਿ ਵਿਰੋਧੀਆਂ ਨੂੰ ਪ੍ਰੇ਼ਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਕਸਦ ਕੇਵਲ ਗੁਜਰਾਤ ਚੋਣਾਂ ਵਿਚ ਲਾਹਾ ਲੈਣਾ ਹੈ। ਜਾਖੜ ਨੇ ਕਿਹਾ ਕਿ ਉਹ ਨਾ ਤਾਂ ਕਿਸੇ ਨੂੰ ਕਲੀਨ ਚਿੱਟ ਦੇ ਰਹੇ ਹਨ ਅਤੇ ਨਾ ਹੀ ਜਾਂਚ ਅਧਿਕਾਰੀ ਨੂੰ ਦੋਸ਼ੀ ਠਹਿਰਾ ਰਹੇ ਹਨ ਪਰ ਇਹ ਗੱਲ ਸਵਾਲ ਖੜੇ ਕਰਦੀ ਹੈ ਕਿ ਕੋਈ ਜਾਂਚ ਅਧਿਕਾਰੀ ਕਿਸੇ ਅਜਿਹੇ ਵਿਅਕਤੀ ਨੂੰ ਆਪਣੇ ਘਰ ਮਿਲਣ ਦੀ ਸਹਿਮਤੀ ਕਿਵੇਂ ਦੇ ਸਕਦਾ ਹੈ ਜਿਸ ਬਾਰੇ ਕਿ ਉਹ ਖੁਦ ਜਾਂਚ ਕਰ ਰਿਹਾ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਕੇਸ ਵਿਚ ਕੁਝ ਨਹੀਂ ਹੈ ਅਤੇ ਉਨ੍ਹਾਂ ਨੂੰ ਅਦਾਲਤ 'ਤੇ ਭਰੋਸਾ ਹੈ ਪਰ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਜਾਂਚ ਅਧਿਕਾਰੀ ਵੱਲੋਂ ਆਪਣੇ ਘਰ ਮਿਲਣ ਲਈ ਬੁਲਾਏ ਜਾਣ, ਪ੍ਰਾਈਵੇਟ ਥਾਂ 'ਤੇ ਲੋਕੇਸ਼ਣ ਭੇਜ ਕੇ ਸੱਦਣ ਦੀ ਵੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ ਕਿਉਂਕਿ ਹੋ ਸਕਦਾ ਹੈ ਕਿ ਅਰੋੜਾ ਦੇ ਦਬਾਅ ਬਣਾ ਕੇ ਉਨ੍ਹਾਂ ਨੂੰ ਮਿਲਣ ਲਈ ਮਜਬੂਰ ਕੀਤਾ ਗਿਆ ਹੋਵੇ। ਇਹ ਵੀ ਪੜ੍ਹੋ: ਰੰਗਲਾ ਪੰਜਾਬ ਸਿਰਫ਼ ਇਸ਼ਤਿਹਾਰਾਂ 'ਚ, ਅਸਲ 'ਚ 'ਆਪ' ਕਈ ਖੇਤਰਾਂ ਵਿੱਚ ਫ਼ੇਲ: ਬਾਜਵਾ ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ 'ਆਪ' ਦੇ ਦਿੱਲੀ ਦੇ ਉਪ ਮੁੱਖ ਮੰਤਰੀ ਦੀ ਤੁਲਨਾ ਸ਼ਹੀਦ ਏ ਆਜ਼ਮ ਭਗਤ ਸਿੰਘ ਨਾਲ ਕੀਤੇ ਜਾਣ ਦੀ ਵੀ ਉਨ੍ਹਾਂ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 'ਆਪ' ਆਗੂ ਲਗਾਤਾਰ ਮਹਾਨ ਸ਼ਹੀਦ ਦਾ ਅਪਮਾਨ ਕਰ ਰਹੇ ਹਨ ਜੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਪਣੇ ਆਗੂ ਦੀ ਤੁਲਨਾ ਉਨ੍ਹਾਂ ਨਾਲ ਕਰ ਰਹੇ ਹਨ। -PTC News

Related Post