ਵਰਲਡ ਪੁਲਿਸ ਗੇਮਸ 'ਚ ਪੰਜਾਬ ਪੁਲਿਸ 'ਚ ਤਾਇਨਾਤ ਏਐਸਈ ਅਤੇ ਮਾਹਿਲਾ ਹੈਡ ਕਾਂਸਟੇਬਲ ਨੇ ਜਿਤੇ ਸੋਨੇ ਦੇ ਤਗ਼ਮੇ

By  Jasmeet Singh August 1st 2022 10:10 PM

ਚੰਡੀਗੜ੍ਹ, 1 ਅਗਸਤ: ਬੀਤੇ ਦਿਨੀ ਨੀਦਰਲੈਂਡ ਵਿਖੇ ਵਰਲਡ ਪੁਲਿਸ ਗੇਮਸ ਦਾ ਆਗਾਜ਼ ਹੋਇਆ ਤਾਂ ਇਨ੍ਹਾਂ ਖੇਡਾਂ 'ਚ ਪੰਜਾਬ ਪੁਲਿਸ ਵੱਲੋਂ ਵੀ ਦੇਸ਼ ਦੀ ਨੁਮੰਦਗੀ ਕੀਤੀ ਗਈ। ਜਿਸ ਦੇ ਚਲਦੇ ਖੇਡਾਂ 'ਚ ਭਾਰਤ ਵੱਲੋਂ ਗਏ ਬਟਾਲਾ 'ਚ ਆਬਕਾਰੀ ਪੁਲਿਸ 'ਚ ਤੈਨਾਤ ਏਐਸਈ ਜਸਪਿੰਦਰ ਸਿੰਘ ਅਤੇ ਮਾਹਿਲਾ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਵੱਖ ਵੱਖ ਖੇਡਾਂ 'ਚ ਆਪਣਾ ਚੰਗਾ ਪ੍ਰਦਰਸ਼ਨ ਕੀਤਾ। ਇਨ੍ਹਾਂ ਦੋਵਾਂ ਨੇ ਖੇਡਾਂ 'ਚ ਪੰਜਾਬ ਪੁਲਿਸ ਅਤੇ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ। ਅੱਜ ਜਦੋਂ ਇਹ ਦੋਵੇਂ ਪੰਜਾਬ ਪੁਲਿਸ ਮੁਲਾਜ਼ਮ ਬਟਾਲਾ ਆਪਣੇ ਆਬਕਾਰੀ ਦਫ਼ਤਰ ਪਹੁਚੇ ਤਾਂ ਉਨ੍ਹਾਂ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਏਐਸਈ ਜਸਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 100 ਮੀਟਰ ਹਾਰਡਲ 'ਚ ਸੋਨੇ ਦਾ ਤਗਮਾ ਜਿਤਿਆ ਅਤੇ 100 ਮੀਟਰ ਦੌੜ 'ਚ ਦੂਸਰਾ ਸਥਾਨ ਹਾਸਿਲ ਕੀਤਾ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਉਹ ਆਬਕਾਰੀ ਵਿਭਾਗ 'ਚ ਡਿਊਟੀ 'ਤੇ ਤਾਇਨਾਤ ਹਨ ਅਤੇ ਡਿਊਟੀ ਵੀ ਕੜੀ ਹੈ। ਅਕਸਰ ਨਜਾਇਜ ਸ਼ਰਾਬ ਦੇ ਧੰਦਾ ਕਰਨ ਵਾਲਿਆਂ ਦੇ ਖਿਲਾਫ ਜਗਾਹ ਜਗਾਹ ਰੇਡ ਕਰਨਾ ਹੁੰਦਾ ਹੈ, ਲੇਕਿਨ ਇਸ ਡਿਊਟੀ ਦੇ ਨਾਲ ਹੀ ਉਹ ਰੋਜਾਨਾ ਸਵੇਰੇ ਸ਼ਾਮ ਲਗਾਤਾਰ ਆਪਣੀ ਖੇਡਾਂ ਨਾਲ ਜੁੜੇ ਰਹੇ। ਇਹੀ ਕਾਰਨ ਹੈ ਕਿ ਅੱਜ ਉਨ੍ਹਾਂ ਨੇ ਇਹ ਮੈਡਲ ਜਿਤੇ ਹਨ। ਉਥੇ ਹੀ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਵੱਲੋਂ ਡਿਸਕਸ ਅਤੇ ਗੋਲਾ ਸੁੱਟਣ 'ਚ ਮੈਡਲ ਜਿਤੇ ਗਏ ਹਨ ਅਤੇ ਉਹ ਧੰਨਵਾਦੀ ਹੈ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਇਹ ਭਰਵਾਂ ਸਵਾਗਤ ਕੀਤਾ ਗਿਆ ਹੈ। -PTC News

Related Post