ਮੁੰਬਈ : ਸ਼ੇਅਰ ਬਾਜ਼ਾਰ ਅੱਜ ਜ਼ਬਰਦਸਤ ਗਿਰਾਵਟ ਨਾਲ ਖੁੱਲ੍ਹਿਆ ਹੈ ਅਤੇ ਬਾਜ਼ਾਰ ਵਿੱਚ ਹੰਗਾਮਾ ਮਚ ਗਿਆ ਹੈ। ਚਾਰੇ ਪਾਸੇ ਬਿਕਵਾਲੀ ਕਾਰਨ ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ 650 ਅੰਕ ਟੁੱਟ ਗਿਆ ਹੈ। ਦੂਜੇ ਪਾਸੇ ਅੱਜ ਨਿਫਟੀ ਨੇ ਸ਼ੁਰੂਆਤੀ ਮਿੰਟ ਵਿੱਚ ਹੀ 16,000 ਦੇ ਮਹੱਤਵਪੂਰਨ ਪੱਧਰ ਨੂੰ ਤੋੜ ਦਿੱਤਾ ਹੈ। ਮਹਿੰਗਾਈ ਦੇ ਅੰਕੜੇ ਅੱਜ ਆਉਣ ਵਾਲੇ ਹਨ ਅਤੇ ਇਸ 'ਚ ਜ਼ਬਰਦਸਤ ਵਾਧੇ ਦੇ ਡਰ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਟੁੱਟ ਰਿਹਾ ਹੈ। ਸੈਂਸੈਕਸ 'ਚ ਕਾਫੀ ਉਤਰਾਅ-ਚੜਾਅ ਨਜ਼ਰ ਆ ਰਿਹਾ ਹੈ ਅਤੇ ਇਹ 53,000 ਦੇ ਪੱਧਰ ਨੂੰ ਵੀ ਤੋੜਨ ਦੇ ਕੰਢੇ 'ਤੇ ਹੈ। ਸੈਂਸੈਕਸ 1029 ਅੰਕ ਡਿੱਗ ਕੇ 53,047 ਦੇ ਹੇਠਲੇ ਪੱਧਰ ਉਤੇ ਪਹੁੰਚ ਗਿਆ ਹੈ। ਬਾਜ਼ਾਰ ਵਿੱਚ ਕਰੀਬ 2 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ ਲਗਾਤਾਰ 5ਵਾਂ ਦਿਨ ਹੈ ਜਦੋਂ ਸ਼ੇਅਰ ਬਾਜ਼ਾਰ 'ਚ ਲਾਲ ਨਿਸ਼ਾਨ ਛਾਇਆ ਹੋਇਆ ਹੈ। ਅੱਜ ਦੇ ਕਾਰੋਬਾਰ 'ਚ BSE ਸੈਂਸੈਕਸ 644.54 ਅੰਕ ਭਾਵ 1.19 ਫੀਸਦੀ ਡਿੱਗ ਕੇ 53,443.85 'ਤੇ ਅਤੇ NSE ਨਿਫਟੀ 174.10 ਅੰਕ ਜਾਂ 1.08 ਫ਼ੀਸਦੀ ਡਿੱਗ ਕੇ 15,993 ਉਤੇ ਆ ਗਿਆ ਹੈ। ਇਸ ਤਰ੍ਹਾਂ ਨਿਫਟੀ ਨੇ 16,000 ਦੇ ਮਹੱਤਵਪੂਰਨ ਪੱਧਰ ਨੂੰ ਤੋੜ ਦਿੱਤਾ ਹੈ। ਬਾਜ਼ਾਰ ਖੁੱਲ੍ਹਣ ਦੇ 15 ਮਿੰਟਾਂ ਦੇ ਅੰਦਰ ਹੀ ਸੈਂਸੈਕਸ 'ਚ ਗਿਰਾਵਟ ਵਧ ਗਈ ਤੇ ਇਹ 850 ਅੰਕ ਟੁੱਟ ਗਿਆ। ਇਹ 850.78 ਅੰਕ ਮਤਲਬ 1.57 ਫ਼ੀਸਦੀ ਦੀ ਗਿਰਾਵਟ ਨਾਲ 53,237.61 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ NSE ਦਾ ਨਿਫਟੀ 255.10 ਅੰਕ ਜਾਂ 1.58 ਫ਼ੀਸਦੀ ਦੀ ਗਿਰਾਵਟ ਨਾਲ 15,912 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਬਾਜ਼ਾਰ ਪਹਿਲਾਂ ਤੋਂ ਹੀ ਜ਼ਬਰਦਸਤ ਗਿਰਾਵਟ ਦੇ ਸੰਕੇਤਾਂ ਨਾਲ ਕਾਰੋਬਾਰ ਕਰ ਰਿਹਾ ਸੀ ਤੇ ਸੈਂਸੈਕਸ 480 ਅੰਕ ਡਿੱਗ ਕੇ 53608 ਦੇ ਪੱਧਰ 'ਤੇ ਪਹੁੰਚ ਗਿਆ ਸੀ। ਇਸ ਤਰ੍ਹਾਂ ਇਹ 54,000 ਦਾ ਪੱਧਰ ਵੀ ਟੁੱਟ ਗਿਆ ਹੈ। ਇਸ ਦੇ ਨਾਲ ਹੀ ਨਿਫਟੀ ਵਿੱਚ 146 ਅੰਕਾਂ ਦੀ ਗਿਰਾਵਟ ਤੋਂ ਬਾਅਦ 16021 'ਤੇ ਕਾਰੋਬਾਰ ਚੱਲ ਰਿਹਾ ਸੀ। ਇਸ ਤਰ੍ਹਾਂ ਪ੍ਰੀ-ਓਪਨ 'ਚ ਨਿਫਟੀ 16,000 ਤੋਂ ਉੱਪਰ ਸੀ ਪਰ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ ਤਾਂ ਇਹ 16,000 ਤੱਕ ਹੇਠਾਂ ਆ ਗਿਆ। ਅੱਜ ਨਿਫਟੀ ਦੇ 50 'ਚੋਂ 48 ਸਟਾਕ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ ਤੇ ਬੈਂਕ ਨਿਫਟੀ 612.30 ਅੰਕ ਜਾਂ 1.76 ਫ਼ੀਸਦੀ ਦੀ ਗਿਰਾਵਟ ਨਾਲ 34,080.85 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਬਾਜ਼ਾਰ 9 ਹਫਤੇ ਦੇ ਹੇਠਲੇ ਪੱਧਰ ਉਤੇ ਆ ਗਿਆ ਹੈ। ਸਵੇਰੇ ਸਿਰਫ ਓਐਨਜੀਸੀ ਹੀ ਅਜਿਹਾ ਸਟਾਕ ਹੈ ਜੋ ਨਿਫਟੀ ਵਿੱਚ ਹਰੇ ਨਿਸ਼ਾਨ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਇਹ 0.66 ਫ਼ੀਸਦੀ ਉੱਪਰ ਹੈ। ਬਾਕੀ ਸਾਰੇ 49 ਸਟਾਕ ਗਿਰਾਵਟ ਦੇ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਹੇ ਹਨ। ਬਜਾਜ ਫਾਇਨਾਂਸ 'ਚ 3.35 ਫ਼ੀਸਦੀ ਅਤੇ ਅਡਾਨੀ ਪੋਰਟਸ 'ਚ 3.21 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡਸਇੰਡ ਬੈਂਕ 'ਚ 3.11 ਫ਼ੀਸਦੀ ਦੀ ਕਮਜ਼ੋਰੀ ਹੈ। ਐਸਬੀਆਈ ਲਾਈਫ ਵੀ 3.08 ਫ਼ੀਸਦੀ ਤੇ ਟਾਟਾ ਮੋਟਰਸ 3.01 ਫ਼ੀਸਦੀ ਫਿਸਲ ਗਈ ਹੈ। ਅਮਰੀਕੀ ਬਾਜ਼ਾਰਾਂ 'ਚ ਕੱਲ੍ਹ ਮਹਿੰਗਾਈ ਦੇ ਅੰਕੜੇ ਆਏ ਹਨ ਅਤੇ ਇੱਥੇ ਮਹਿੰਗਾਈ ਦਾ ਪੱਧਰ 40 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਦੇਸ਼ 'ਚ ਅੱਜ ਮਹਿੰਗਾਈ ਦੇ ਅੰਕੜੇ ਆਉਣ ਵਾਲੇ ਹਨ, ਜਿਸ 'ਚ ਪਿਛਲੀ ਵਾਰ ਦੇ ਮੁਕਾਬਲੇ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਇਸ ਦੇ ਡਰ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਸੁਧਾਰ ਨਹੀਂ ਹੋ ਰਿਹਾ ਹੈ। ਇਹ ਵੀ ਪੜ੍ਹੋ : ਮੋਹਾਲੀ ਬੰਬ ਬਲਾਸਟ ਮਾਮਲਾ: ਨਿਸ਼ਾਨ ਸਿੰਘ ਤੋਂ ਪੁਲਿਸ ਕਰ ਰਹੀ ਹੈ ਪੁੱਛਗਿੱਛ