ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ- ਲਾਲੀ ਮਜੀਠੀਆ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

By  Riya Bawa December 30th 2021 02:36 PM -- Updated: December 31st 2021 02:39 PM

ਚੰਡੀਗੜ੍ਹ: ਪੰਜਾਬ ਵਿੱਚ ਅਗਲੇ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਕਾਰਨ ਸਿਆਸੀ ਪਾਰਟੀਆਂ ਆਪਣਾ ਕਮਰ ਕੱਸਦੀਆਂ ਨਜ਼ਰ ਆ ਰਹੀਆਂ ਹਨ। ਇਸ ਵਿਚਕਾਰ ਪੰਜਾਬ 'ਚ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਾ ਹੈ। ਮਾਝਾ ਖੇਤਰ ਦੇ ਦਿੱਗਜ ਆਗੂ ਤੇ ਪਨਗ੍ਰੇਨ ਦੇ ਚੇਅਰਮੈਨ ਸੁਖਜਿੰਦਰਜੀਤ ਸਿੰਘ ਲਾਲੀ ਮਜੀਠੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਲਾਲੀ ਮਜੀਠੀਆ ਨੇ ਖੁਦ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੁਝ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਨੇ ਇਹ ਅਹੁਦਾ ਛੱਡਿਆ ਹੈ। ਹਾਲਾਂਕਿ ਚਰਚਾ ਹੈ ਕਿ ਲਾਲੀ ਮਜੀਠੀਆ ਨੇ ਇਹ ਕਦਮ ਕਾਂਗਰਸ 'ਚ ਚੱਲ ਰਹੇ ਸੱਤਾ ਸੰਘਰਸ਼ ਦੇ ਮੱਦੇਨਜ਼ਰ ਚੁੱਕਿਆ ਹੈ। ਹੁਣ ਉਹ ਜਲਦੀ ਹੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਗੱਲਬਾਤ 'ਚ ਉਨ੍ਹਾਂ ਨੇ ਭਾਜਪਾ 'ਚ ਸ਼ਾਮਲ ਹੋਣ ਤੇ ਚੋਣ ਲੜਨ ਦੀ ਗੱਲ ਨਹੀਂ ਕੀਤੀ। ਲਾਲੀ ਮਜੀਠੀਆ ਨੇ ਕਿਹਾ ਕਿ ਉਹ ਮੌਜੂਦਾ ਸਰਕਾਰ ਤੋਂ ਸੰਤੁਸ਼ਟ ਨਹੀਂ ਹਨ। ਇਸ ਕਾਰਨ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਗੌਰਤਲਬ ਹੈ ਕਿ ਪੰਜਾਬ 'ਚ ਕਾਂਗਰਸ ਦੀ ਹਾਲਤ ਦਿਨੋਂ-ਦਿਨ ਚੁਣੌਤੀਪੂਰਨ ਹੁੰਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਤੇ ਗੁਰੂਹਰਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸੋਢੀ, ਕਾਦੀਆਂ ਤੋਂ ਵਿਧਾਇਕ ਫਤਿਹਜੰਗ ਬਾਜਵਾ ਤੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਲਾਡੀ ਕਾਂਗਰਸ ਛੱਡ ਚੁੱਕੇ ਹਨ। ਇਹ ਤਿੰਨੋਂ ਆਗੂ ਭਾਜਪਾ 'ਚ ਸ਼ਾਮਲ ਹੋ ਗਏ ਹਨ। -PTC News

Related Post