ਨਹਿਰ 'ਚੋਂ ਬਰਾਮਦ ਹੋਈ ਅੰਕਿਤਾ ਦੀ ਮ੍ਰਿਤਕ ਦੇਹ, ਗੁੰਮਸ਼ੁਦਾ ਸਾਬਤ ਕਰਨ ਦੀ ਸੀ ਫੁਲਪਰੂਫ ਯੋਜਨਾ

By  Jasmeet Singh September 24th 2022 01:39 PM

Ankita Bhandari Murder: ਉੱਤਰਾਖੰਡ ਦੇ ਰਿਸ਼ੀਕੇਸ਼ ਵਿੱਚ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਮੁਲਜ਼ਮਾਂ ਨੇ ਅੰਕਿਤਾ ਨੂੰ ਚਿਲਾ ਨਹਿਰ ਵਿੱਚ ਸੁੱਟ ਕੇ ਘਟਨਾ ਦੇ ਸਬੂਤ ਨਸ਼ਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਪੁਲਿਸ ਦੀ ਜਾਂਚ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ। ਪ੍ਰਸ਼ਾਸਨ ਨੇ ਸ਼ੁੱਕਰਵਾਰ ਦੇਰ ਰਾਤ ਅੰਕਿਤਾ ਭੰਡਾਰੀ ਦੀ ਕਥਿਤ ਹੱਤਿਆ ਕਰਨ ਵਾਲੇ ਪੁਲਕਿਤ ਆਰੀਆ ਦੀ ਮਲਕੀਅਤ ਵਾਲੇ ਰਿਸ਼ੀਕੇਸ਼ ਦੇ ਵੰਤਾਰਾ ਰਿਜ਼ੋਰਟ 'ਤੇ ਵੀ ਬੁਲਡੋਜ਼ਰ ਚਲਾ ਦਿੱਤਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਭਿਨਵ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਮੁਲਜ਼ਮਾਂ ਦੀ ਜਾਇਦਾਦ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਅੰਕਿਤਾ ਇਸ ਰਿਜ਼ੋਰਟ 'ਚ ਰਿਸੈਪਸ਼ਨਿਸਟ ਦਾ ਕੰਮ ਕਰਦੀ ਸੀ। ਇਸ ਕਤਲ ਕਾਂਡ ਵਿੱਚ ਭਾਜਪਾ ਆਗੂ ਅਤੇ ਸਾਬਕਾ ਰਾਜ ਮੰਤਰੀ ਵਿਨੋਦ ਆਰੀਆ ਦਾ ਪੁੱਤਰ ਪੁਲਕਿਤ ਆਰੀਆ ਮੁੱਖ ਮੁਲਜ਼ਮ ਹੈ। ਇਸ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ਨੀਵਾਰ ਸਵੇਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਅੰਕਿਤਾ ਭੰਡਾਰੀ ਦੀ ਲਾਸ਼ ਨਹਿਰ 'ਚੋਂ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਲਿਖਿਆ, "ਧੀ ਅੰਕਿਤਾ ਦੀ ਲਾਸ਼ ਅੱਜ ਸਵੇਰੇ ਬਰਾਮਦ ਹੋਈ। ਇਸ ਦਿਲ ਦਹਿਲਾਉਣ ਵਾਲੀ ਘਟਨਾ ਨਾਲ ਮੇਰਾ ਦਿਲ ਬਹੁਤ ਦੁਖੀ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਪੀ.ਰੇਣੁਕਾ ਦੇਵੀ ਦੀ ਅਗਵਾਈ ਵਿੱਚ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਗੰਭੀਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਦੇਰ ਰਾਤ ਮੁਲਜ਼ਮਾਂ ਦੇ ਨਾਜਾਇਜ਼ ਤੌਰ ’ਤੇ ਬਣੇ ਰਿਜ਼ੋਰਟ ’ਤੇ ਵੀ ਬੁਲਡੋਜ਼ਰ ਚਲਾ ਕੇ ਕਾਰਵਾਈ ਕੀਤੀ ਗਈ ਹੈ। ਸਾਡਾ ਸੰਕਲਪ ਹੈ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।" ਅੰਕਿਤਾ ਕਤਲ ਕਾਂਡ ਦੇ ਮੁਲਜ਼ਮਾਂ ਨੇ ਕਤਲ ਨੂੰ ਲਾਪਤਾ ਵਿਅਕਤੀ ਵਜੋਂ ਪੇਸ਼ ਕਰਨ ਦੀ ਪੂਰੀ ਯੋਜਨਾ ਬਣਾਈ ਹੋਈ ਸੀ। ਪਰ ਅੰਕਿਤਾ ਦੇ ਪਿਤਾ ਇਸ ਮਾਮਲੇ ਨੂੰ ਉਠਾਉਂਦੇ ਰਹੇ। ਉਨ੍ਹਾਂ 18 ਸਤੰਬਰ ਤੋਂ ਲਾਪਤਾ ਧੀ ਦੀ ਭਾਲ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਮਾਮਲਾ ਗਰਮਾਏ ਜਾਣ ਮਗਰੋਂ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ। ਅੰਕਿਤਾ ਯਮਕੇਸ਼ਵਰ ਸਥਿਤ ਪੁਲਕਿਤ ਆਰੀਆ ਦੇ ਰਿਜ਼ੌਰਟ 'ਚ ਰਿਸੈਪਸ਼ਨਿਸਟ ਦਾ ਕੰਮ ਕਰਦੀ ਸੀ। ਹੁਣ ਚਿਲਾ ਪਾਵਰ ਹਾਊਸ ਨਹਿਰ 'ਚੋਂ ਅੰਕਿਤਾ ਭੰਡਾਰੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਜੋ ਵੀ ਮਾਮਲਾ ਸਾਹਮਣੇ ਆਇਆ, ਉਸ ਦੀ ਪੁਸ਼ਟੀ ਹੁੰਦੀ ਨਜ਼ਰ ਆ ਰਹੀ ਹੈ। ਮੁਲਜ਼ਮਾਂ ਨੇ ਪੁਲਿਸ ਸਾਹਮਣੇ ਮੰਨਿਆ ਕਿ 18 ਸਤੰਬਰ ਦੀ ਰਾਤ ਨੂੰ ਚਾਰ ਵਿਅਕਤੀ ਰਿਜ਼ੋਰਟ ਤੋਂ ਚਲੇ ਗਏ ਸਨ। ਚਾਰੋਂ ਬਾਈਕ ਅਤੇ ਸਕੂਟੀ 'ਤੇ ਚਿਲਾ ਪਾਵਰ ਹਾਊਸ ਗਏ। ਉੱਥੇ ਸ਼ਰਾਬ ਪੀਣ ਤੋਂ ਬਾਅਦ ਪੁਲਕਿਤ ਅਤੇ ਅੰਕਿਤਾ ਵਿਚਕਾਰ ਬਹਿਸ ਸ਼ੁਰੂ ਹੋ ਗਈ। ਪੁਲਕਿਤ ਅੰਕਿਤਾ 'ਤੇ ਰਿਜ਼ੋਰਟ ਨੂੰ ਲੈ ਕੇ ਬਦਨਾਮ ਕਰਨ ਦਾ ਦੋਸ਼ ਲਗਾ ਰਿਹਾ ਸੀ। ਇਸ 'ਤੇ ਦੋਵਾਂ ਵਿਚਾਲੇ ਝਗੜਾ ਵਧ ਗਿਆ ਅਤੇ ਉਨ੍ਹਾਂ ਨੇ ਅੰਕਿਤਾ ਨੂੰ ਨਹਿਰ 'ਚ ਧੱਕਾ ਦੇ ਦਿੱਤਾ। ਇਹ ਵੀ ਪੜ੍ਹੋ: Sarkari Naukri 2022: ਪੁਲਿਸ 'ਚ ਭਰਤੀ ਦਾ ਮੌਕਾ, ਇਸ ਤਾਰੀਕ ਤੱਕ ਕਰ ਸਕਦੇ ਹੋ ਅਪਲਾਈ , ਜਾਣੋਂ ਪੂਰੀ ਡਿਟੇਲ ਪੁਲਿਸ ਦੇ ਸਾਹਮਣੇ ਇਨ੍ਹਾਂ ਮੁਲਜ਼ਮਾਂ ਨੇ ਮੰਨਿਆ ਕਿ ਸਾਨੂੰ ਗੁੱਸਾ ਆਇਆ ਸੀ। ਸ਼ਰਾਬ ਦੇ ਨਸ਼ੇ 'ਚ ਸਾਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਕੀ ਕਰ ਰਹੇ ਹਾਂ, ਅੰਕਿਤਾ ਸਾਡੇ ਨਾਲ ਝਗੜ ਰਹੀ ਸੀ। ਜਦੋਂ ਅਸੀਂ ਉਸ ਨੂੰ ਧੱਕਾ ਦਿੱਤਾ ਤਾਂ ਉਹ ਨਹਿਰ ਵਿੱਚ ਡਿੱਗ ਗਈ। ਉਹ ਉਸਨੂੰ ਪਾਣੀ ਵਿੱਚੋਂ ਬਾਹਰ ਕੱਢਣ ਲਈ ਰੌਲਾ ਪਾਉਂਦੀ ਰਹੀ ਪਰ ਉਹ ਉੱਥੋਂ ਭੱਜ ਗਏ। -PTC News

Related Post