ਆਂਧਰਾ ਪ੍ਰਦੇਸ਼: ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, 6 ਦੀ ਮੌਤ, 12 ਜ਼ਖ਼ਮੀ
ਆਂਧਰਾ ਪ੍ਰਦੇਸ਼: ਬੀਤੀ ਰਾਤ ਆਂਧਰਾ ਪ੍ਰਦੇਸ਼ ਦੇ ਏਲੁਰੂ ਦੇ ਅੱਕੀਰੇਡੀਗੁਡੇਮ ਸਥਿਤ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 12 ਲੋਕ ਜ਼ਖ਼ਮੀ ਹੋ ਗਏ ਹਨ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਏਲੁਰੂ ਦੇ ਐੱਸਪੀ ਰਾਹੁਲ ਦੇਵ ਸ਼ਰਮਾ ਨੇ ਦੱਸਿਆ ਕਿ ਅੱਗ ਬੀਤੀ ਰਾਤ ਨਾਈਟ੍ਰਿਕ ਐਸਿਡ ਮੋਨੋਮੀਥਾਈਲ ਦੇ ਲੀਕ ਹੋਣ ਕਾਰਨ ਲੱਗੀ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰਿਪੋਰਟ ਮੁਤਾਬਕ ਫੈਕਟਰੀ 'ਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ, ਜਿਸ ਨਾਲ ਅੱਗ ਕਾਫੀ ਭਿਆਨਕ ਬਣ ਗਈ। ਰਿਐਕਟਰ 'ਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ। ਇਹ ਹਾਦਸਾ ਫਾਰਮਾਸਿਊਟੀਕਲ ਪਲਾਂਟ ਦੇ ਯੂਨਿਟ 4 ਵਿੱਚ ਵਾਪਰਿਆ। ਹਾਦਸੇ ਤੋਂ ਦੋ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਮਰਨ ਵਾਲੇ 6 ਲੋਕਾਂ 'ਚੋਂ 4 ਮਜ਼ਦੂਰ ਬਿਹਾਰ ਦੇ ਸਨ। ਮ੍ਰਿਤਕਾਂ ਦੀ ਪਛਾਣ ਉਦਰੁਪਤੀ ਕ੍ਰਿਸ਼ਨਨ, ਬੀ ਕੁਮਾਰ, ਕਰੂ ਰਵੀ ਦਾਸ, ਮਨੋਜ ਕੁਮਾਰ, ਸੁਵਾਸ ਰਵੀਦਾਸ, ਹਬਦਾਸ ਰਵੀਦਾਸ ਵਜੋਂ ਹੋਈ ਹੈ। ਇਹ ਵੀ ਪੜ੍ਹੋ: ਮੁੰਬਈ ਤੋਂ ਬਾਅਦ ਹੁਣ ਇਸ ਸੂਬੇ 'ਚ ਮਿਲਿਆ ਕੋਰੋਨਾ ਦੇ XE ਵੇਰੀਐਂਟ ਦਾ ਮਰੀਜ਼ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਗੰਭੀਰ ਜ਼ਖਮੀਆਂ ਲਈ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਅਧਿਕਾਰੀਆਂ ਨੂੰ ਜ਼ਖਮੀਆਂ ਦੀ ਹਾਲਤ 'ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਲ੍ਹੇ ਦੇ ਡੀਐਮ ਅਤੇ ਐਸਪੀ ਨੂੰ ਪੂਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। -PTC News