ਅੰਮ੍ਰਿਤਸਰ 'ਚ ਤਿੰਨ ਰੋਜ਼ਾ ਸੂਫੀ ਫੈਸਟੀਵਲ; ਰਾਣੀ ਰਣਦੀਪ, ਨੂਰਾਂ ਸਿਸਟਰ ਅਤੇ ਅਕੀਦਤ ਨੇ ਬੰਨੇ ਰੰਗ
ਅੰਮ੍ਰਿਤਸਰ: ਸੈਰ ਸਪਾਟਾ ਵਿਭਾਗ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ 15 ਤੋਂ 17 ਮਾਰਚ ਤੱਕ ਕਰਵਾਏ ਜਾ ਰਹੇ ਤਿੰਨ ਰੋਜ਼ਾ ਸੂਫੀ ਫੈਸਟੀਵਲ ਦਾ ਬੀਤੇ ਕੱਲ੍ਹ ਕਿਲ੍ਹਾ ਗੋਬਿੰਦਗੜ੍ਹ ਵਿਖੇ ਆਗਾਜ਼ ਹੋ ਗਿਆ ਹੈ। ਜਿਸ ਵਿਚ ਪਹਿਲੇ ਦਿਨ ਨੂਰਾਂ ਸਿਸਟਰ, ਅਕੀਦਤ ਅਤੇ ਰਾਣੀ ਰਣਦੀਪ ਨੇ ਆਪਣੀ ਬਾਕਮਾਲ ਗਾਇਕੀ ਨਾਲ ਅੰਮ੍ਰਿਤਸਰੀਆਂ ਦਾ ਮਨੋਰੰਜਨ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈ ਟੀ ਓ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਸਮਾ ਜਗਾ ਕੇ ਮੇਲੇ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਜੇਕਰ ਅੰਮ੍ਰਿਤਸਰ ਵਾਸੀਆਂ ਨੇ ਕਲਾ ਨੂੰ ਪਿਆਰ ਦਿੱਤਾ ਤਾਂ ਮੇਰੀ ਕੋਸਿਸ਼ ਹੋਵੇਗੀ ਕਿ ਇਹ ਸਲਾਨਾ ਮੇਲਾ ਬਣ ਜਾਵੇ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਇਸ ਤੋਂ ਪਹਿਲਾਂ ਇਹ ਫੈਸਟੀਵਲ ਕੋਰੋਨਾ ਤੋਂ ਪਹਿਲਾਂ ਕਰਵਾਇਆ ਗਿਆ ਸੀ ਅਤੇ ਹੁਣ ਮੇਰੀ ਇੱਛਾ ਇਸ ਸੂਫੀ ਫੈਸਟੀਵਲ ਨੂੰ ਸਲਾਨਾ ਮੇਲੇ ਵਿਚ ਬਦਲਣ ਦੀ ਹੈ। ਇਸ ਲਈ ਤੁਹਾਡਾ ਸਾਥ ਬਹੁਤ ਜਰੂਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਜਗਰੂਪ ਸਿੰਘ ਸੇਖਵਾਂ, ਵਿਧਾਇਕ ਜਸਬੀਰ ਸਿੰਘ ਸੰਧੂ, ਐਸ ਡੀ ਐਮ ਹਰਪ੍ਰੀਤ ਸਿੰਘ , ਐਸ ਡੀ ਐਮ ਡਾ ਹਰਨੂਰ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ 16 ਮਾਰਚ ਨੂੰ ਫਿਰੋਜ ਖਾਨ, ਮਾਸ਼ਾ ਅਲੀ ਅਤੇ ਹਸ਼ਮਤ ਸੁਲਤਾਨਾ ਆਪਣੀ ਫਨ ਦਾ ਮੁਜ਼ਾਹਰਾ ਕਰਨਗੇ। ਦਾਖਲਾ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ, ਜਦਕਿ 17 ਮਾਰਚ ਨੂੰ ਕੇਵਲ ਜੀ-20 ਲਈ ਵਿਦੇਸ਼ਾਂ ਤੋਂ ਆਏ ਮਹਿਮਾਨ ਹੀ ਇਸ ਪ੍ਰੋਗਰਾਮ ਦਾ ਅਨੰਦ ਲੈਣਗੇ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦਾ ਸਮਾਂ ਸ਼ਾਮ 6 ਵਜੇ ਤੋਂ 10 ਵਜੇ ਤੱਕ ਦਾ ਹੋਵੇਗਾ।
ਇਹ ਵੀ ਪੜ੍ਹੋ:Punjab Weather Update: ਆਉਣ ਵਾਲੇ ਦਿਨਾਂ ’ਚ ਪੰਜਾਬ ਸਣੇ ਕਈ ਸੂਬਿਆਂ 'ਚ ਪਵੇਗਾ ਮੀਂਹ !
- PTC NEWS