ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਾਮੀ ਗੈਂਗਸਟਰ ਨੂੰ ਕੀਤਾ ਕਾਬੂ
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਮਾਣਯੋਗ ਡੀਜੀਪੀ ਪੰਜਾਬ ਦੇ ਹੁਕਮਾਂ ਤਹਿਤ ਲੁੱਟਾਂ ਖੋਹਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਚਲਾਈ ਮੁਹਿੰਮ ਦੇ ਚੱਲਦੇ ਦਿਹਾਤੀ ਪੁਲੀਸ ਦੇ ਐਸਪੀਡੀ ਸ਼ੁਭਮ ਅਗਰਵਾਲ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਵਿੱਚ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀਜੀਪੀ ਪੰਜਾਬ ਪੁਲਿਸ ਅਤੇ ਦਿਹਾਤੀ ਪੁਲੀਸ ਐੱਸਐੱਸਪੀ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਦਿਹਾਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹੱਥ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਂਗਸਟਰ ਮਲਕੀਤ ਸਿੰਘ ਨਵਾਬ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸ ਕੋਲੋਂ ਚਾਰ ਪਿਸਟਲ, ਇਕ ਰਿਵਾਲਵਰ, ਇਕ ਰਾਈਫਲ ਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।ਪੁਲਿਸ ਮੁਤਾਬਿਕ ਉਹ ਮਾਝੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਦੂਜੇ ਪਾਸੇ ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ 35 ਐੱਨ ਡੀ ਪੀ ਸੀ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ ਜਿਸ ਦੌਰਾਨ 46 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਗ੍ਰਿਫਤਾਰ ਦੋਸ਼ੀਆਂ ਪਾਸੋਂ 235 ਗ੍ਰਾਮ ਹੈਰੋਇਨ ਅਤੇ 9484 ਨਸ਼ੀਲੀਆਂ ਗੋਲੀਆਂ ਕੈਪਸੂਲ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ਼ੈਰਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਉਨ੍ਹਾਂ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਸੋਲ਼ਾਂ ਮੁਕੱਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ 750500 ਐੱਮ ਐੱਲ ਨਾਜਾਇਜ਼ ਸ਼ਰਾਬ 51.8 ਕੁਇੰਟਲ ਲਾਹਣ ਅਤੇ 4 ਚਾਲੂ ਭੱਠੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਵੀ ਪੜ੍ਹੋ: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਮਿਲੇ ਮੋਬਾਇਲ, ਮਾਮਲਾ ਦਰਜ ਉਨ੍ਹਾਂ ਦੱਸਿਆ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕੀਤੀ ਕਾਰਵਾਈ ਕਰਦੇ ਹੋਏ ਅਸਲਾ ਐਕਟ ਅਧੀਨ ਪੰਜ ਮੁਕੱਦਮੇ ਦਰਜ ਕਰਕੇ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਚਾਰ ਪਿਸਤੌਲ ਇਕ ਰਿਵਾਲਵਰ ਇਕ ਰਾਈਫਲ ਯਾਰਾਂ ਕਾਰਤੂਸ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ ਹਨ ਜਿਸ ਵਿੱਚ ਹੀ ਨਾਮੀ ਗੈਂਗਸਟਰ ਮਲਕੀਤ ਉਰਫ਼ ਨਵਾਬ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -PTC News