ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਕਣਕ ਨਾਲ ਭਰੇ ਇੱਕ ਟਰੱਕ ਨੂੰ ਜ਼ਬਤ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇਕ ਗੋਦਾਮ ’ਤੇ ਵੀ ਛਾਪਾ ਮਾਰ ਕੇ ਉਥੋਂ ਸਰਕਾਰੀ ਕਣਕ ਦੀਆਂ 300 ਖਾਲੀ ਬੋਰੀਆਂ ਬਰਾਮਦ ਕੀਤੀਆਂ ਹਨ।ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਫਲਾਇੰਗ ਟੀਮ ਦੇ ਮੈਂਬਰ ਵਿਨੋਦ ਖੋਸਲਾ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਡੇਰਾ ਬਾਬਾ ਨਾਨਕ ਰੋਡ ’ਤੇ ਚੈਕਿੰਗ ਦੌਰਾਨ ਕਣਕ ਨਾਲ ਲੱਦੇ ਇੱਕ ਟਰੱਕ (ਰਜਿਸਟ੍ਰੇਸ਼ਨ ਨੰਬਰ ਪੀ.ਬੀ.06-ਜੀ-9213) ਨੂੰ ਰੋਕਿਆ ਗਿਆ। ਜਦੋਂ ਡਰਾਈਵਰ ਗੋਪਾਲ ਦਾਸ ਨੂੰ ਕਾਗਜ਼ਾਤ ਪੇਸ਼ ਕਰਨ ਲਈ ਕਿਹਾ ਗਿਆ ਤਾਂ ਉਹ ਕਾਗਜ਼ ਪੇਸ਼ ਕਰਨ ਵਿੱਚ ਅਸਫਲ ਰਿਹਾ।ਡਰਾਈਵਰ ਨੇ ਦੱਸਿਆ ਕਿ ਇਹ ਟਰੱਕ ਅਜਨਾਲਾ ਦੇ ਇੱਕ ਜਸਪਾਲ ਸਿੰਘ ਵੱਲੋਂ ਭੇਜਿਆ ਗਿਆ ਸੀ ਅਤੇ ਇਸ ਨੂੰ ਬਟਾਲਾ ਦੇ ਇੱਕ ਬਿੱਟੂ ਨੇ ਉਤਾਰਿਆ ਸੀ। ਦਸਤਾਵੇਜ਼ਾਂ ਦੀ ਘਾਟ ਕਾਰਨ ਟਰੱਕ ਨੂੰ ਜ਼ਬਤ ਕਰ ਲਿਆ ਗਿਆ।ਬਾਅਦ ਵਿੱਚ ਵਿਭਾਗ ਨੇ ਜਸਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਕੋਲਡ ਸਟੋਰੇਜ਼ ਪੁਆਇੰਟ ਬਾਰੇ ਜਾਣਕਾਰੀ ਦਿੱਤੀ। ਵਿਭਾਗ ਦੀ ਟੀਮ ਉਥੇ ਭੇਜੀ ਗਈ, ਜਿਸ ਨੂੰ ਪੰਜਾਬ ਸਰਕਾਰ ਦੀ ਨਿਸ਼ਾਨਦੇਹੀ ਵਾਲੀਆਂ 300 ਖਾਲੀ ਬੋਰੀਆਂ ਮਿਲੀਆਂ। ਇਹ ਸਪੱਸ਼ਟ ਹੈ ਕਿ ਇਹ ਪੀਡੀਐਸ ਸਕੀਮ ਤਹਿਤ ਰਾਸ਼ਨ ਸੀ, ਜੋ ਡਿਪੂਆਂ ਨੂੰ ਜਾਰੀ ਕੀਤਾ ਗਿਆ ਸੀ। ਹਾਲਾਂਕਿ ਸਰਕਾਰੀ ਕਣਕ ਪ੍ਰਾਈਵੇਟ ਬੋਰੀਆਂ ਵਿੱਚ ਵੇਚੀ ਜਾ ਰਹੀ ਹੈ।ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਸ਼ਿਕਾਇਤ ’ਤੇ ਪੁਲੀਸ ਨੇ ਆਈਪੀਸੀ ਦੀ ਧਾਰਾ 379, 411, 420, 120ਬੀ ਤਹਿਤ ਕੇਸ ਦਰਜ ਕਰਕੇ ਡਰਾਈਵਰ ਗੋਪਾਲ ਦਾਸ ਅਤੇ ਅਜਨਾਲਾ ਵਾਸੀ ਜਸਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂਕਿ ਬਟਾਲਾ ਦਾ ਰਹਿਣ ਵਾਲਾ ਬਿੱਟੂ ਅਜੇ ਫਰਾਰ ਹੈ।