ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ ਕਰਕੇ ਦਰਜ ਕੀਤੇ ਪਰਚੇ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

By  Amritpal Singh April 21st 2024 08:26 PM

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ ਕਰਕੇ ਦਰਜ ਕੀਤੇ ਪਰਚੇ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਕਿਰਪਾਨ ਸਿੱਖਾਂ ਦੇ ਪੰਜ ਕਕਾਰਾਂ ਵਿੱਚੋਂ ਇੱਕ ਕਕਾਰ ਹੈ, ਜਿਸ ਨੂੰ ਸਿੱਖ ਰਹਿਤ ਮਰਯਾਦਾ ਅਨੁਸਾਰ ਇੱਕ ਅੰਮ੍ਰਿਤਧਾਰੀ ਸਿੱਖ ਹਮੇਸ਼ਾ ਆਪਣੇ ਸ਼ਰੀਰ ਦੇ ਅੰਗ-ਸੰਗ ਰੱਖਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਦੇ ਸ਼ਰੀਰ ਤੋਂ ਕਿਰਪਾਨ ਨੂੰ ਵੱਖ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਨੂੰ ਉਨ੍ਹਾਂ ਦੇ ਦੇਸ਼ ਭਾਰਤ ਦਾ ਸੰਵਿਧਾਨ ਵੀ ਕਿਰਪਾਨ ਪਹਿਨਣ ਦੀ ਅਜ਼ਾਦੀ ਦਿੰਦਾ ਹੈ, ਇਸ ਕਰਕੇ ਇਟਲੀ ਦੀ ਸਰਕਾਰ ਨੂੰ ਵੀ ਸਿੱਖ ਸਰੋਕਾਰਾਂ ਨੂੰ ਸਮਝਦੇ ਹੋਏ, ਸਿੱਖਾਂ ਨੂੰ ਆਪਣੇ ਦੇਸ਼ ਅੰਦਰ ਕਿਰਪਾਨ ਪਹਿਨਣ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਅੱਜ ਸਿੱਖ ਦੁਨੀਆ ਦੇ ਕਈ ਦੇਸ਼ਾਂ ਵਿੱਚ ਵੱਸਦੇ ਹਨ ਜਿੱਥੇ ਉਨ੍ਹਾਂ ਨੇ ਆਪਣੇ ਮਿਹਨਤ ਅਤੇ ਇਮਾਨਦਾਰੀ ਨਾਲ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ, ਕੈਨੇਡਾ ਤੇ ਬਰਤਾਨੀਆ ਵਰਗੇ ਵਿਕਸਿਤ ਦੇਸ਼ਾਂ ਵਿੱਚ ਵੀ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਖੁੱਲ੍ਹ ਹੈ। ਐਡਵੋਕੇਟ ਧਾਮੀ ਨੇ ਇਟਲੀ ਦੀ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਕਿ ਗੁਰਬਚਨ ਸਿੰਘ ਦੇ ਵਿਰੁੱਧ ਦਰਜ ਕੀਤੇ ਗਏ ਕੇਸ ਦਾ ਡਟ ਕੇ ਵਿਰੋਧ ਕਰਨ ਅਤੇ ਇਸ ਦੀ ਸਮੁੱਚੀ ਜਾਣਕਾਰੀ ਸ਼੍ਰੋਮਣੀ ਕਮੇਟੀ ਪਾਸ ਵੀ ਪੁੱਜਦੀ ਕਰਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਮਾਮਲੇ ਨੂੰ ਰੱਦ ਕਰਵਾਉਣ ਲਈ ਭਾਰਤ ਅੰਦਰ ਇਟਲੀ ਦੇ ਅੰਬੈਸਡਰ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਵੀ ਪੱਤਰ ਲਿਖ ਕੇ ਸਖ਼ਤ ਇਤਰਾਜ਼ ਪ੍ਰਗਟ ਕਰਨ ਦੇ ਨਾਲ-ਨਾਲ ਸਿੱਖਾਂ ਦੇ ਅਧਿਕਾਰਾਂ ਅਤੇ ਕਿਰਪਾਨ ਦੀ ਮਹੱਤਤਾ ਬਾਰੇ ਜਾਣਕਾਰੀ ਭੇਜੀ ਜਾਵੇਗੀ। ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸੰਕਰ ਨੂੰ ਵੀ ਅਪੀਲ ਕੀਤੀ ਕਿ ਗੁਰਬਚਨ ਸਿੰਘ ਦੇ ਮਾਮਲੇ ਵਿੱਚ ਇਟਲੀ ਦੀ ਸਰਕਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਵਿਰੁੱਧ ਦਰਜ ਕੀਤਾ ਗਿਆ ਪਰਚਾ ਰੱਦ ਕਰਵਾਉਣ।

Related Post