Amritsar Blast: ਸ੍ਰੀ ਹਰਿਮੰਦਰ ਸਾਹਿਬ ਨੇੜੇ 6 ਦਿਨਾਂ 'ਚ ਤੀਜਾ ਧਮਾਕਾ, ਪੁਲਿਸ ਨੇ 5 ਮੁਲਾਜ਼ਮਾਂ ਨੂੰ ਕੀਤਾ ਗ੍ਰਿਫਤਾਰ
Amritsar Blast: ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਦੇਰ ਰਾਤ ਇੱਕ ਹੋਰ ਧਮਾਕਾ ਹੋਇਆ।
ਮਨਿੰਦਰ ਮੋਂਗਾ/ਅੰਮ੍ਰਿਤਸਰ: ਸਥਾਨਿਕ ਸ਼ਹਿਰ 'ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਦੇਰ ਰਾਤ ਇੱਕ ਹੋਰ ਧਮਾਕਾ ਹੋਇਆ। ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੇੜੇ ਬੀਤੀ ਰਾਤ 12-12:30 ਵਜੇ ਦੇ ਦਰਮਿਆਨ ਧਮਾਕੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ।
ਪੁਲਿਸ ਨੇ ਕਿਹਾ, ਸੁਰਾਗ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਧਮਾਕੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬ਼ਰ ਨਹੀਂ ਹੈ। ਇਹ ਧਮਾਕਾ ਪਹਿਲਾਂ ਹੋਏ ਧਮਾਕੇ ਤੋਂ ਕਰੀਬ ਦੋ ਕਿਲੋਮੀਟਰ ਦੂਰ ਸ੍ਰੀ ਗੁਰੂ ਰਾਮਦਾਸ ਸਰਾਏ ਨੇੜੇ ਹੋਇਆ। ਵੱਡਾ ਸਵਾਲ ਇਹ ਹੈ ਕਿ ਹਾਈ ਅਲਰਟ ਹੋਣ ਦੇ ਬਾਵਜੂਦ ਅੰਮ੍ਰਿਤਸਰ ਵਿੱਚ ਵਾਰ-ਵਾਰ ਇਹ ਧਮਾਕੇ ਕੌਣ ਕਰ ਰਿਹਾ ਹੈ?
ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ 6 ਦਿਨਾਂ 'ਚ ਬੰਬ ਧਮਾਕੇ ਦੀ ਇਹ ਤੀਜੀ ਘਟਨਾ ਹੈ। ਸਭ ਤੋਂ ਪਹਿਲਾਂ 6 ਮਈ ਨੂੰ ਹਰਿਮੰਦਰ ਸਾਹਿਬ ਨੂੰ ਜਾਂਦੀ ਵਿਰਾਸਤੀ ਮਾਰਗ 'ਤੇ ਧਮਾਕਾ ਕੀਤਾ ਗਿਆ ਸੀ। ਫਿਰ 8 ਮਈ ਨੂੰ ਇਸੇ ਥਾਂ 'ਤੇ ਇਕ ਹੋਰ ਧਮਾਕਾ ਹੋਇਆ ਸੀ, ਜਿਸ 'ਚ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਹੁਣ ਬੀਤੀ ਰਾਤ ਹੋਏ ਧਮਾਕੇ ਤੋਂ ਬਾਅਦ ਚਿੰਤਾ ਵਧ ਗਈ ਹੈ।
ਦੇਰ ਰਾਤ ਹੋਏ ਧਮਾਕੇ ਤੋਂ ਬਾਅਦ ਪੰਜਾਬ ਪੁਲਿਸ ਦੇ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ, ਕਰੀਬ 12.15-12.30 ਦੇ ਆਸ-ਪਾਸ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ, ਸੰਭਾਵਨਾ ਹੈ ਕਿ ਇਹ ਕੋਈ ਹੋਰ ਧਮਾਕਾ ਹੋ ਸਕਦਾ ਹੈ ਪਰ ਇਸ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਸਾਨੂੰ ਇਮਾਰਤ ਦੇ ਪਿੱਛੇ ਕੁਝ ਟੁਕੜੇ ਮਿਲੇ ਹਨ ਪਰ ਹਨੇਰਾ ਹੋਣ ਕਾਰਨ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਇਹ ਟੁਕੜੇ ਧਮਾਕੇ ਨਾਲ ਸਬੰਧਤ ਹਨ।
ਧਮਾਕੇ ਤੋਂ ਬਾਅਦ ਸ਼ੱਕੀ ਬਰਾਂਡੇ ਵਿੱਚ ਸੁੱਤਾ ਪਿਆ ਸੀ
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਨੇ ਦੱਸਿਆ ਕਿ ਘਟਨਾ ਸਮੇਂ ਦੀ ਸਾਰੀ ਫੁਟੇਜ ਸਕੈਨ ਕੀਤੀ ਗਈ ਹੈ। ਇਸ ਤੋਂ ਬਾਅਦ ਧਮਾਕਾ ਕਰਨ ਵਾਲੇ ਦੀ ਪਛਾਣ ਹੋ ਗਈ। ਧਮਾਕੇ ਤੋਂ ਬਾਅਦ ਬਰਾਂਡੇ 'ਚ ਆ ਕੇ ਉਹ ਸੌਂ ਗਿਆ। ਉਥੋਂ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਤੋਂ ਪੁੱਛਗਿੱਛ ਕਰਨ 'ਤੇ ਸਰਾਂਵਾ 'ਚ ਰੁਕੇ ਵਿਆਹੁਤਾ ਜੋੜੇ ਨੂੰ ਵੀ ਫੜ ਲਿਆ ਗਿਆ, ਇਨ੍ਹਾਂ ਸਾਰਿਆਂ ਨੂੰ ਪੁਲਿਸ ਚੁੱਕ ਕੇ ਲੈ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ
ਪੁਲਿਸ ਨੇ ਹਰਿਮੰਦਰ ਸਾਹਿਬ ਨੇੜੇ ਹੋਏ ਬੰਬ ਧਮਾਕੇ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਅੰਮ੍ਰਿਤਸਰ ਵਿੱਚ ਹੋਏ ਧਮਾਕੇ ਨਾਲ ਜੁੜੀ ਪ੍ਰੈਸ ਕਾਨਫਰੰਸ ਕਰੇਗੀ। ਸਾਰੇ ਮੁਲਜ਼ਮ ਪੰਜਾਬ ਦੇ ਹੀ ਦੱਸੇ ਜਾ ਰਹੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।
ਪਿਛਲੇ 5 ਦਿਨਾਂ 'ਚ ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ 3 ਘੱਟ ਤੀਬਰਤਾ ਵਾਲੇ ਧਮਾਕੇ ਹੋਏ ਸਨ, ਜਿਨ੍ਹਾਂ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਨਵੇਂ ਸਥਾਨਕ ਅੱਤਵਾਦੀ ਨੈੱਟਵਰਕ ਨਾਲ ਜੁੜੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੰਬ ਬਣਾਉਣ ਵਾਲੇ ਨੌਜੁਆਨ ਸਨ ਅਤੇ ਉਨ੍ਹਾਂ ਦਾ ਮਕਸਦ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਧਮਾਕੇ ਕਰਕੇ ਪੰਜਾਬ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਨਾ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ। ਦੱਸ ਦੇਈਏ ਕਿ ਅੱਜ ਅੱਧੀ ਰਾਤ ਨੂੰ ਇੱਕ ਹੋਰ ਧਮਾਕਾ ਹੋਇਆ ਹੈ। ਮੁਲਜ਼ਮ ਵੱਖ-ਵੱਖ ਥਾਵਾਂ ’ਤੇ ਸਰਾਵਾਂ ਬਦਲ ਕੇ ਗੁਰੂ ਘਰ ਦੇ ਨੇੜੇ ਰਹਿ ਰਹੇ ਸਨ।