ਕੋਲੇ ਦੀ ਘਾਟ ਕਾਰਨ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 6 ਹੋਇਆ ਬੰਦ

By  Pardeep Singh January 6th 2023 05:29 PM

ਚੰਡੀਗੜ੍ਹ; ਗਰਮੀਆਂ ਵਾਂਗ ਸਰਦੀ ਵਿੱਚ ਫਿਰ ਬਿਜਲੀ ਦਾ ਸੰਕਟ ਮੰਡਰਾਉਣ ਲੱਗਿਆ ਹੈ। ਪਿਛਲੀ ਦਿਨੀਂ ਇਕ ਖਬਰ ਸਾਹਮਣੇ ਆਈ ਸੀ ਕਿ ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਬੰਦ ਹੀ ਗਈ ਹੈ। ਕੋਲੇ ਦੀ ਸਪਲਾਈ ਬੰਦ ਹੋਣ ਕਾਰਨ ਮੁੜ ਸੰਕਟ ਖੜ੍ਹਾ ਹੋ ਗਿਆ ਹੈ। ਕੋਲੇ ਦੀ ਘਾਟ ਕਾਰਨ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 6 ਬੰਦ ਹੋ ਗਿਆ ਹੈ। ਬਿਜਲੀ ਦੀ ਮੰਗ ਵੀ 8500 ਮੈਗਾਵਾਟ ਨੂੰ ਪਾਰ ਕਰ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਰੋਪੜ ਥਰਮਲ ਪਲਾਂਟ ਦੇ ਦੋ ਹੋਰ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਏ ਹਨ। ਨਿੱਜੀ ਖੇਤਰ ਦੇ ਥਰਮਲ ਪਲਾਂਟ ਤਲਵੰਡੀ ਸਾਬੋ ਦਾ ਯੂਨਿਟ ਨੰਬਰ 2 ਵੀ ਤਕਨੀਕੀ ਖਰਾਬੀ ਕਾਰਨ ਬੰਦ ਹੋਇਆ ਪਿਆ ਹੈ।ਹੈਰਾਨੀਜਨਕ ਖਬਰ ਹੈ ਕਿ ਲਹਿਰਾ ਮੁਹੱਬਤ ਦਾ ਇਕ ਯੂਨਿਟ ਬੁਆਇਲਰ ਫੱਟਣ ਕਾਰਨ ਪਿਛਲੇ 8 ਮਹੀਨਿਆ ਤੋਂ ਬੰਦ ਪਿਆ ਹੈ। ਜੇਕਰ ਮੁਲਾਕਣ ਕਰੀਏ ਤਾਂ ਪੰਜਾਬ ਵਿੱਚ ਅੱਜ 1400 ਮੈਗਾਵਾਟ ਬਿਜਲੀ ਘੱਟ ਗਈ ਹੈ। ਦੂਜੇ ਪਾਸੇ ਬਿਜਲੀ ਵਿਭਾਗ ਕੇਂਦਰੀ ਪੂਲ ਤੋਂ ਮਹਿੰਗੇ ਭਾਅ ਦੀ ਬਿਜਲੀ ਖਰੀਦਣ ਲਈ ਮਜਬੂਰ ਹੈ।

ਜ਼ਿਕਰਯੋਗ ਹੈ ਕਿ ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਦਸੰਬਰ ਮਹੀਨੇ ਤੋਂ ਪੰਜਾਬ ਨੂੰ ਸ਼ੁਰੂ ਹੋਈ ਸੀ ਅਤੇ ਜੋ 20 ਦਿਨਾਂ ਵਿੱਚ ਹੀ ਬੰਦ ਹੋ ਗਈ ਹੈ। 16 ਦਸੰਬਰ ਨੂੰ ਰੋਪੜ ਸਥਿਤ ਪਾਵਰ ਪਲਾਂਟ ਉੱਤੇ ਪਛਵਾੜਾ ਕੋਲੇ ਦੀ ਖਾਣ ਤੋਂ ਪਹਿਲਾਂ ਰੈਕ ਪੁੱਜਿਆ ਸੀ, ਜਿਸ ਤੋਂ ਬਾਅਦ ਹਰ ਰੋਜ਼ 5 ਰੈਕ ਪਹੁੰਚਣੇ ਸਨ ਪਰ ਇਹ ਆਸ ਪੂਰੀ ਨਾ ਹੋ ਸਕੀ। ਹੁਣ ਤੱਕ ਸਿਰਫ਼ 9 ਰੈਕ ਹੀ ਰੋਪੜ ਪਹੁੰਚ ਸਕੇ ਹਨ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਛਵਾੜਾ ਕੋਲ ਖਾਣ ’ਤੇ ਪਹਿਲੇ ਠੇਕੇਦਾਰ ਵੱਲੋਂ ਮਜਦੂਰਾਂ ਦੀ ਪੂਰੀ ਅਦਾਇਗੀ ਨਹੀਂ ਕੀਤੀ ਗਈ ਸੀ, ਜਿਸ ਕਰਕੇ ਹੁਣ ਕੋਲਾ ਚੁੱਕਣ ਦੇ ਕੰਮ ਵਿਚ ਅੜਿੱਕਾ ਪੈ ਰਿਹਾ ਹੈ। ਉਧਰ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਬੀਤੇ ਦਿਨੀ ਇਕ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਪਛਵਾੜਾ ਕੋਲਾ ਖਾਣ ਦੇ ਚਾਲੂ ਹੋਣ ਨਾਲ ਇਕ ਸਾਲ ਵਿੱਚ 500 ਕਰੋੜ ਰੁਪਏ ਦੀ ਬਚਤ ਹੋਵੇਗੀ। ਦੱਸ ਦੇਈ ਕਿ 7 ਮਿਲੀਅਨ ਟਨ ਪ੍ਰਤੀ ਸਲਾਨਾ ਦੀ ਮਾਈਨਿੰਗ ਸਮਰੱਥਾ ਵਾਲੀ ਪਛਵਾੜਾ ਕੋਲਾ ਖਾਣ ਨੂੰ ਭਾਰਤ ਸਰਕਾਰ ਦੁਆਰਾ PSPCL ਨੂੰ ਅਲਾਂਟ ਕੀਤੀ ਗਈ ਸੀ 

Related Post