ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨਾਲ ਛੇੜਛਾੜ; ਸ਼ਰਾਬੀ ਕਾਰ ਚਾਲਕ ਨੇ 15 ਮੀਟਰ ਤੱਕ ਘੜੀਸਿਆ
ਸਵਾਤੀ ਮਾਲੀਵਾਲ ਨੇ ਖ਼ੁਦ ਟਵਿਟਰ 'ਤੇ ਟਵੀਟ ਕੀਤਾ, "ਦੇਰ ਰਾਤ ਮੈਂ ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਨਿਰੀਖਣ ਕਰ ਰਹੀ ਸੀ। ਇੱਕ ਕਾਰ ਦੇ ਡਰਾਈਵਰ ਨੇ ਸ਼ਰਾਬੀ ਹਾਲਤ ਵਿੱਚ ਮੇਰੇ ਨਾਲ ਛੇੜਛਾੜ ਕੀਤੀ ਅਤੇ ਜਦੋਂ ਮੈਂ ਉਸਨੂੰ ਫੜਿਆ ਤਾਂ ਉਸਨੇ ਕਾਰ ਦੇ ਸ਼ੀਸ਼ੇ ਵਿੱਚ ਮੇਰਾ ਹੱਥ ਬੰਦ ਕਰ ਦਿੱਤਾ ਅਤੇ ਮੈਨੂੰ ਖਿੱਚਦਾ ਚਲ ਪਿਆ। ਜੇਕਰ ਦਿੱਲੀ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਰੱਖਿਅਤ ਨਹੀਂ ਹੈ ਤਾਂ ਸਥਿਤੀ ਦਾ ਅੰਦਾਜ਼ਾ ਲਗਾਓ।"
ਨਵੀਂ ਦਿੱਲੀ, 19 ਜਨਵਰੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਹੀ ਸਵਾਲ ਉੱਠਦੇ ਰਹੇ ਹਨ, ਚਾਹੇ ਇਹ ਮਾਮਲਾ ਨਿਰਭਯਾ ਦਾ ਹੋਵੇ ਜਾਂ ਕਾਂਝਵਾਲਾ ਕਾਂਡ 'ਚ ਜਾਨ ਗਵਾਉਣ ਵਾਲੀ ਅੰਜਲੀ ਸਿੰਘ ਦਾ ਹੋਵੇ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਦੇਰ ਰਾਤ ਦਿੱਲੀ ਵਿੱਚ ਜ਼ਬਰਦਸਤੀ ਘੜੀਸਣ ਦਾ ਮਾਮਲਾ ਸਾਹਮਣੇ ਆਇਆ ਹੈ।
ਦਿੱਲੀ ਪੁਲਿਸ ਅਤੇ ਡੀਸੀਡਬਲਯੂ ਦੀ ਮੁਖੀ ਸਵਾਤੀ ਮਾਲੀਵਾਲ ਨੇ ਖੁਦ ਪੂਰੀ ਘਟਨਾ ਦੀ ਪੁਸ਼ਟੀ ਕੀਤੀ ਹੈ। ਦੱਖਣੀ ਜ਼ਿਲ੍ਹੇ ਦੇ ਡੀਸੀਪੀ ਚੰਨਣ ਸਿੰਘ ਨੇ ਦੱਸਿਆ ਕਿ ਅੱਜ ਹੌਜ਼ ਖਾਸ ਥਾਣੇ ਵਿੱਚ ਇੱਕ ਕਾਲ ਆਈ ਸੀ। ਇੱਕ ਕਾਰ ਮਾਲਕ ਨੇ ਇੱਕ ਔਰਤ ਨੂੰ ਗਲਤ ਇਸ਼ਾਰੇ ਕੀਤੇ ਅਤੇ ਉਸਨੂੰ 10-15 ਮੀਟਰ ਤੱਕ ਘੜੀਸਿਆ। ਗਰੁਣਾ ਵੈਨ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮ ਨੂੰ ਫੜ ਲਿਆ। ਮੁਲਜ਼ਮ ਦੀ ਉਮਰ 47 ਸਾਲ ਹੈ ਅਤੇ ਉਹ ਸ਼ਰਾਬ ਦੇ ਨਸ਼ੇ 'ਚ ਸੀ, ਜਿਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਘਟਨਾ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਚੰਨਣ ਸਿੰਘ ਨੇ ਦੱਸਿਆ, "ਇਹ ਘਟਨਾ ਏਮਜ਼ ਦੇ ਗੇਟ ਨੰਬਰ 2 ਦੇ ਸਾਹਮਣੇ ਤੜਕੇ 3.11 ਵਜੇ ਵਾਪਰੀ। ਜਿੱਥੇ ਡੀਸੀਡਬਲਯੂ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਇੱਕ ਕਾਰ 10 ਤੋਂ 15 ਮੀਟਰ ਤੱਕ ਘੜੀਸਦੀ ਲੈ ਗਈ।" ਸਵਾਤੀ ਮਾਲੀਵਾਲ ਮੁਤਾਬਕ ਮੁਲਜ਼ਮ ਚਿੱਟੇ ਰੰਗ ਦੀ ਬਲੇਨੋ ਗੱਡੀ 'ਚ ਆਇਆ ਤੇ ਉਸ ਨੂੰ ਮਾੜੇ ਇਰਾਦੇ ਨਾਲ ਕਾਰ 'ਚ ਬੈਠਣ ਦੇ ਇਸ਼ਾਰਿਆਂ ਮਗਰੋਂ ਬੋਲਣ ਲੱਗ ਪਿਆ ।
ਪੁਲਿਸ ਕੋਲ ਦਰਜ ਕਰਵਾਈ ਲਿਖਤੀ ਸ਼ਿਕਾਇਤ ਅਨੁਸਾਰ ਜਦੋਂ ਸਵਾਤੀ ਮਾਲੀਵਾਲ ਨੇ ਇਸ ਹਰਕਤ 'ਤੇ ਇਤਰਾਜ਼ ਜਤਾਇਆ ਤਾਂ ਮੁਲਜ਼ਮ ਉੱਥੋਂ ਚਲਾ ਗਿਆ ਅਤੇ ਸਰਵਿਸ ਲੇਨ ਤੋਂ ਯੂ-ਟਰਨ ਲੈ ਕੇ ਮੁੜ ਵਾਪਸ ਆ ਗਿਆ। ਮੁਲਜ਼ਮ ਮੁੜ ਤੋਂ ਸਵਾਤੀ ਨੂੰ ਕਾਰ ਵਿੱਚ ਬੈਠਣ ਲਈ ਕਹਿਣ ਲੱਗ ਪਿਆ। ਸਵਾਤੀ ਜਦੋਂ ਝਿੜਕਣ ਲਈ ਡਰਾਈਵਰ ਕੋਲ ਗਈ ਤਾਂ ਉਨ੍ਹੇ ਛੇਤੀ ਦੇਣੀ ਖਿੜਕੀ ਦਾ ਸ਼ੀਸ਼ਾ ਬੰਦ ਕਰ ਦਿੱਤਾ, ਇਸ ਦਰਮਿਆਨ ਸਵਾਤੀ ਦਾ ਹੱਥ ਖਿੜਕੀ ਵਿੱਚ ਹੀ ਫਸਿਆ ਰਹਿ ਗਿਆ ਅਤੇ ਮੁਲਜ਼ਮ ਉਨ੍ਹਾਂ ਨੂੰ ਕਰੀਬ 10 ਤੋਂ 15 ਮੀਟਰ ਤੱਕ ਘੜੀਸਦਾ ਚਲਾ ਗਿਆ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ 47 ਸਾਲਾ ਹਰੀਸ਼ ਚੰਦਰ ਵਜੋਂ ਹੋਈ ਹੈ, ਜੋ ਨਸ਼ੇ ਦੀ ਹਾਲਤ 'ਚ ਸੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮ ਅਤੇ ਪੀੜਤਾ ਦਾ ਮੈਡੀਕਲ ਟੈਸਟ ਕਰਵਾਇਆ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਵਾਤੀ ਮਾਲੀਵਾਲ ਆਪਣੀ ਟੀਮ ਨਾਲ ਉਸੇ ਥਾਂ 'ਤੇ ਫੁੱਟਪਾਥ 'ਤੇ ਖੜ੍ਹੀ ਸੀ।
ਉਥੇ ਹੀ ਸਵਾਤੀ ਮਾਲੀਵਾਲ ਨੇ ਖ਼ੁਦ ਟਵਿਟਰ 'ਤੇ ਇਸ ਘਟਨਾ ਬਾਰੇ ਦੱਸਿਆ। ਉਨ੍ਹਾਂ ਟਵੀਟ ਕੀਤਾ, "ਦੇਰ ਰਾਤ ਮੈਂ ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਨਿਰੀਖਣ ਕਰ ਰਹੀ ਸੀ। ਇੱਕ ਕਾਰ ਦੇ ਸ਼ਰਾਬੀ ਡਰਾਈਵਰ ਨੇ ਮੇਰੇ ਨਾਲ ਛੇੜਛਾੜ ਕੀਤੀ ਅਤੇ ਜਦੋਂ ਮੈਂ ਉਸਨੂੰ ਫੜਿਆ ਤਾਂ ਉਸਨੇ ਕਾਰ ਦੇ ਸ਼ੀਸ਼ੇ ਵਿੱਚ ਮੇਰਾ ਹੱਥ ਬੰਦ ਕਰ ਦਿੱਤਾ ਅਤੇ ਮੈਨੂੰ ਖਿੱਚਦਾ ਚਲਾ ਗਿਆ। ਜੇਕਰ ਦਿੱਲੀ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਰੱਖਿਅਤ ਨਹੀਂ ਹੈ ਤਾਂ ਸਥਿਤੀ ਦਾ ਅੰਦਾਜ਼ਾ ਲਗਾਓ।"
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਰੀਬ 15 ਦਿਨ ਪਹਿਲਾਂ 20 ਸਾਲਾ ਅੰਜਲੀ ਸਿੰਘ ਨਾਂ ਦੀ ਲੜਕੀ ਨੂੰ ਪੰਜ ਸ਼ਰਾਬੀ ਵਿਅਕਤੀਆਂ ਨੇ 13 ਕਿਲੋਮੀਟਰ ਤੱਕ ਆਪਣੀ ਕਾਰ ਹੇਠਾਂ ਘੜੀਸਿਆ ਸੀ। ਉਸ ਘਟਨਾ ਵਿੱਚ ਵੀ ਦੋਸ਼ੀ ਬਲੇਨੋ ਕਾਰ ਵਿੱਚ ਹੀ ਜਾ ਰਿਹਾ ਸੀ। ਨਵੇਂ ਸਾਲ ਦੀ ਦੇਰ ਰਾਤ ਦਿੱਲੀ ਦੇ ਭਿਆਨਕ ਹਿੱਟ ਐਂਡ ਡਰੈਗ ਮਾਮਲੇ ਵਿੱਚ ਅੰਜਲੀ ਸਿੰਘ ਦੀ ਸਕੂਟੀ ਨੂੰ ਸ਼ਰਾਬੀ ਵਿਅਕਤੀਆਂ ਨੇ ਕੁਚਲ ਦਿੱਤਾ ਅਤੇ ਪਹੀਆਂ ਹੇਠਾਂ ਫਸੀ ਉਸਦੀ ਲਾਸ਼ ਨੂੰ ਲੰਬੀ ਦੂਰੀ ਤੱਕ ਘੜੀਸਦਾ ਰਿਹਾ।
ਇਹ ਵੀ ਪੜ੍ਹੋ: ਦਿੱਲੀ ਕਾਂਝਵਾਲਾ ਦਰਦਨਾਕ ਹਾਦਸਾ : ਪੁਲਿਸ ਨੇ ਕਾਰ ਮਾਲਕ ਨੂੰ ਕੀਤਾ ਗ੍ਰਿਫ਼ਤਾਰ