ਛੀਨਾ ਨੂੰ ਇਸ ਕਰ ਕੇ ਐਸ ਆਈ ਟੀ ਮੁਖੀ ਲਗਾਇਆ ਗਿਆ ਕਿਉਂਕਿ ਸਾਬਕਾ ਮੁਖੀ ਐਸ ਰਾਹੁਲ ਨੇ ਕੇਸ ਵਿਚ ਝੂਠਾ ਚਲਾਨ ਪੇਸ਼ ਕਰਨ ਤੋਂ ਨਾਂਹ ਕਰ ਦਿੱਤੀ ਸੀ: ਮਜੀਠੀਆ

ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਆਈ ਜੀ ਐਮ ਐਸ ਛੀਨਾ ਨੂੰ ਐਸ ਆਈ ਟੀ ਦਾ ਨਵਾਂ ਮੁਖੀ ਲਾਉਣ ਪਿੱਛੇ ਸਰਕਾਰ ਨਾਲ ਕੀ ਸੌਦੇਬਾਜ਼ੀ ਹੋਈ ਹੈ

By  Amritpal Singh May 22nd 2023 06:41 PM -- Updated: May 22nd 2023 06:47 PM

Punjab News: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਆਈ ਜੀ ਐਮ ਐਸ ਛੀਨਾ ਨੂੰ ਐਸ ਆਈ ਟੀ ਦਾ ਨਵਾਂ ਮੁਖੀ ਲਾਉਣ ਪਿੱਛੇ ਸਰਕਾਰ ਨਾਲ ਕੀ ਸੌਦੇਬਾਜ਼ੀ ਹੋਈ ਹੈ, ਉਸਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਨਵੇਂ ਐਸ ਆਈ ਟੀ ਮੁਖੀ ਐਮ ਐਸ ਛੀਨਾ ਨੂੰ 2022 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਪੰਜਾਬ ਆਮਦ ਵੇਲੇ ਸੁਰੱਖਿਆ ਵਿਚ ਹੋਈ ਕੁਤਾਹੀ ਲਈ ਪਹਿਲਾਂ ਹੀ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਈ ਜੀ ਛੀਨਾ ਨੂੰ ਐਸ ਆਈ ਟੀ ਮੁਖੀ ਸਿਰਫ ਇਸ ਕਰ ਕੇ ਲਗਾਇਆ ਹੈ ਤਾਂ ਜੋ ਪਿਛਲੀ ਕਾਂਗਰਸ ਸਰਕਾਰ ਵੱਲੋਂ ਉਹਨਾਂ ਖਿਲਾਫ ਦਰਜ ਕੀਤੇ ਝੂਠੇ ਐਨ ਡੀ ਪੀ ਐਸ ਐਕਟ ਕੇਸ ਵਿਚ ਮਨਮਰਜ਼ੀ ਦੇ ਦੋਸ਼ ਲਗਾਉਣ ਵਾਲੀ ਚਾਰਜਸ਼ੀਟ ਦਾਇਰ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਮਹਿਸੂਸ ਕਰਦੀਹੈ  ਕਿ ਆਈ ਜੀ ਸਰਕਾਰ ਦੀ ਇੱਛਾ ਮੁਤਾਬਕ ਇਹ ਚਲਾਨ ਪੇਸ਼ ਕਰ ਦੇਣਗੇ ਕਿਉਂਕਿ ਉਹਨਾਂ ਖਿਲਾਫ ਪਹਿਲਾਂ ਹੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦੀ ਜਾਂਚ ਚਲ ਰਹੀ ਹੈ ਤੇ ਉਹਨਾਂ ਦੇ ਦੋਸ਼ੀ ਹੋਣ ਦੀ ਰਿਪੋਰਟ ਨਾਲ ਉਹਨਾਂ ਨੂੰ ਵੱਡੀ ਸਜ਼ਾ ਮਿਲ ਸਕਦੀ ਹੈ। ਉਹਨਾਂ ਕਿਹਾ ਕਿ ਆਈ ਜੀ ਨੇ ਇਸ ਸਾਲ ਸੇਵਾ ਮੁਕਤ ਹੋਣਾ ਹੈ ਤੇ ਜਿਸ ਤਰੀਕੇ ਪਿਛਲੀ ਕਾਂਗਰਸ ਸਰਕਾਰ ਨੇ ਡੀ ਜੀ ਪੀ ਐਸ ਚਟੋਪਾਧਿਆਏ ਦੀ ਵਰਤੋਂ ਉਸਨੂੰ 22 ਦਿਨਾਂ ਲਈ ਸੂਬਾ ਪੁਲਿਸ ਦਾ ਚਾਰਜ ਦੇ ਕੇ ਕੀਤੀ ਸੀ, ਉਸੇ ਤਰੀਕੇ ਭਗਵੰਤ ਮਾਨ ਸਰਕਾਰ ਆਈ ਜੀ ਦੀ ਵਰਤੋਂ ਕਰਨਾ ਚਾਹੁੰਦੀ ਹੈ।  


ਮਜੀਠੀਆ ਨੇ ਮੁੱਖ ਮੰਤਰੀ ਨੇ ਇਸ ਕਰ ਕੇ ਆਈ ਜੀ ਛੀਨਾ ਦੀ ਚੋਣ ਕੀਤੀ ਹੈ ਕਿਉਂਕਿ ਪਿਛਲੇ ਐਸ ਆਈ ਟੀ ਮੁਖੀ ਡੀ ਆਈ ਜੀ ਐਸ ਰਾਹੁਲ ਨੇ ਨਸ਼ਿਆਂ ਦੇ ਕੇਸ ਵਿਚ ਆਪ ਸਰਕਾਰ ਦੀ ਇੱਛਾ ਮੁਤਾਬਕ ਚਲਾਨ ਪੇਸ਼ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਨਵੀਂ ਨਿਯੁਕਤੀ ਪ੍ਰਸ਼ਾਸਕੀ ਆਧਾਰ ’ਤੇ ਵੀ ਗਲਤ ਹੈ ਕਿਉਂਕਿ ਜੋ ਅਫਸਰ ਸੇਵਾ ਮੁਕਤ ਹੋਣ ਵਾਲਾ ਹੋਵੇ, ਉਸਨੂੰ ਅਹਿਮ ਜਾਂਚ ਦਾ ਚਾਰਜ ਨਹੀਂ ਦਿੱਤਾ ਜਾ ਸਕਦਾ।


ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਨਿਆਂ ਪਾਲਿਕਾ ’ਤੇ ਪੂਰਨ ਵਿਸ਼ਵਾਸ ਹੈ ਤੇ ਮੁੱਖ ਮੰਤਰੀ ਵੱਲੋਂ ਸਿਆਸੀ ਕਿੜਾਂ ਕੱਢਣ ਲਈ ਕੀਤੀ ਜਾ ਰਹੀ ਕਾਰਵਾਈ ਮੂਧੇ ਮੂੰਹ ਡਿੱਗੇਗੀ। ਉਹਨਾਂ ਨੇ ਆਪ ਸਰਕਾਰ ਨੂੰ ਚੇਤੇ ਕਰਵਾਇਆ ਕਿ ਹਾਈ ਕੋਰਟ ਵੱਲੋਂ ਸੀਨੀਅਰ ਅਫਸਰਾਂ ਏ ਡੀ ਜੀ ਪੀ ਇਸ਼ਵਰ ਸਿੰਘ, ਏ ਡੀ ਜੀ ਪੀ ਨਾਗੇਸ਼ਵਰ ਰਾਓ ਅਤੇ ਡੀ ਜੀ ਪੀ ਵੀ ਨੀਰਜਾ ਦੀਸ਼ਮੂਲੀਅਤ  ਵਾਲੀ ਐਸ ਆਈ ਟੀ ਨੇ ਅਦਾਲਤ ਵਿਚ 10 ਚਲਾਨ ਪੇਸ਼ ਕੀਤੇ ਪਰ ਕਿਸੇ ਵਿਚ ਵੀ ਉਹਨਾਂ ਦਾ ਨਾਂ ਸ਼ਾਮਲ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਐਸ ਆਈ ਟੀ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਪਿਛਲੇ ਡੇਖ ਸਾਲਾਂ ਤੋਂ ਨਸ਼ਿਆਂ ਦੇ ਕੇਸ ਵਿਚ ਐਸ ਆਈ ਟੀ ਚਲਾਨ ਪੇਸ਼ ਨਹੀਂ ਕਰ ਸਕੀ ਹਾਲਾਂਕਿ ਉਸ ’ਤੇ ਮੈਨੂੰ ਫਸਾਉਣ ਦਾ ਦਬਾਅ ਸੀ।

ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਹੋਣ ਵੇਲੇ ਤਿੰਨ ਡੀ ਜੀ ਪੀ ਨੇ ਮੇਰੇ ਖਿਲਾਫ ਜਾਅਲੀ ਕੇਸ ਦਰਜ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਜਿਵੇਂ ਕਾਂਗਰਸ ਸਰਕਾਰ ਨੇ ਡੀ ਜੀ ਪੀ ਦਾ ਅਹੁਦਾ ਐਸ ਚਟੋਪਾਧਿਆਏ ਨੂੰ ਹੋਏ ਗੁਪਤ ਸੌਦੇ ਤਹਿਤ ਦਿੱਤਾ, ਜਿਸਨੇ ਨਿਯੁਕਤੀ ਮਗਰੋਂ ਮੇਰੇ ਖਿਲਾਫ ਐਨ ਡੀ ਪੀ ਐਸ ਐਕਟ ਤਹਿਤ ਕੇਸ ਦਰਜ ਕਰ ਦਿੱਤਾ, ਉਸੇ ਤਰੀਕੇ ਮੌਜੂਦਾ ਸਰਕਾਰ ਆਈਜੀ ਤੋਂ ਮੇਰੇ ਖਿਲਾਫ ਕਾਰਵਾਈ ਕਰਵਾਉਣਾ ਚਾਹੁੰਦੀ ਹੈ।

Related Post