ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ ਲਗਾਏ ਗਏ ਸਾਰੇ ਇਲਜ਼ਾਮ ਝੂਠ ਦਾ ਪੁਲੰਦਾ: ਜਥੇਦਾਰ ਗਿਆਨੀ ਰਣਜੀਤ ਸਿੰਘ

By  Jasmeet Singh October 4th 2022 01:28 PM

ਚੰਡੀਗੜ੍ਹ, 4 ਅਕਤੂਬਰ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਆਪਣਾ ਪੱਖ ਪੇਸ਼ ਕੀਤਾ। ਜਿਕਰਯੋਗ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਪਿਛਲੇ ਮਹੀਨੇ 5 ਕਰੋੜ ਰੁਪਏ ਦੇ ਸਨੇ ਅਤੇ ਹੋਰ ਵਸਤਾਂ ਦੇ ਰੂਪ ਵਿੱਚ ਦਾਨ ਵਿੱਚ ਗਬਨ ਕਰਨ ਦੇ ਇਲਜ਼ਾਮ ਲੱਗਣ ਮਗਰੋਂ ਉਨ੍ਹਾਂ ਨੂੰ ਤਨਖਾਹੀਆ ਐਲਾਨਿਆ ਗਿਆ ਸੀ। ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਮੇਰੇ 'ਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ ਅਤੇ ਮੈਂ ਅੱਜ ਇਨ੍ਹਾਂ ਦਾ ਖੁਲਾਸਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਖੌਤੀ ਡਾ. ਗੁਰਵਿੰਦਰ ਸਿੰਘ ਸਮਰਾ, ਕਰਤਾਰ ਪੁਰ ਨਿਵਾਸੀ ਨੇ ਕੁੱਝ ਸਾਮਾਨ ਸੋਨੇ ਦਾ ਕਹਿ ਕੇ ਜਿਨ੍ਹਾਂ ਵਿੱਚ ਪੀੜ੍ਹਾ ਸਾਹਿਬ, ਸ੍ਰੀ ਸਾਹਿਬ ਤੇ ਚੌਰ ਸਾਹਿਬ ਤੋਂ ਕੁੱਝ ਹੋਰ ਵਸਤੂਆਂ ਤਖ਼ਤ ਸ੍ਰੀ ਪਟਨਾ ਸਾਹਿਬ ਭੇਂਟ ਕੀਤੀਆਂ। ਉਸਦੇ ਵਿੱਚ ਉਨ੍ਹਾਂ ਨੇ ਇਕ ਕਿਰਪਾਨ ਬਾਰੇ ਕਿਹਾ ਕਿ ਇਸ ਉਤੇ ਸਵਾ ਸੇਰ ਸੋਨਾ ਲੱਗਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਨੂੰ ਸਵਾ ਸੇਰ ਲੱਗਿਆ ਸੋਨਾ ਕਿਰਪਾਨ ਲਈ ਮਾਣ ਪੱਤਰ ਤਖ਼ਤ ਸਾਹਿਬ ਤੋਂ ਦਿੱਤਾ। ਉਸਦਾ ਅਸਲੀ ਕਾਰਨ ਇਹ ਸੀ ਕਿ ਅਸੀਂ ਕਿਸੇ ਨੂੰ ਗੁਰਦੁਆਰਾ ਸਾਹਿਬ ਵਿਖੇ ਕੋਈ ਵੀ ਵਸਤੂ ਭੇਟ ਕਰਨ 'ਤੇ ਉਸ ਉਤੇ ਸ਼ੱਕ ਨਹੀਂ ਕਰ ਸਕਦੇ। ਇਨ੍ਹਾਂ ਵਲੋਂ ਹੋਰ ਵੀ ਕਾਫੀ ਵਸਤੂਆਂ ਸੋਨੇ ਦੀਆਂ ਕਹਿ ਕੇ ਗੁਰਦੁਆਰਾ ਸਾਹਿਬ ਭੇਟ ਕੀਤੀਆਂ ਗਈਆਂ। ਇਨ੍ਹਾਂ ਵੱਲੋਂ ਜਿਹੜੀਆਂ ਵੀ ਚੀਜਾਂ ਭੇਂਟ ਕੀਤੀਆਂ ਗਈਆਂ। ਉਨ੍ਹਾਂ ਨੂੰ ਚੈਕ ਕਰਵਾਉਣ 'ਤੇ ਪਤਾ ਲੱਗਾ ਕਿ ਉਨ੍ਹਾਂ ਉੱਤੇ ਸੋਨਾ ਨਹੀਂ ਲੱਗਿਆ ਹੈ। ਜੋ ਕਿ ਸਾਰਾ ਸੋਨਾ ਕਹਿ ਕੇ ਦਿੱਤੀਆਂ ਗਈਆਂ ਸਨ। ਜਿਸਦੀ ਪੜਤਾਲ ਹੋਈ ਤੇ ਸਾਰਾ ਸਾਮਾਨ ਨਕਲੀ ਸਾਬਤ ਹੋਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਮਾਣ ਦੇਣ ਵਾਲਾ ਕਦੇ ਗਲਤ ਨਹੀਂ ਹੁੰਦਾ, ਨਕਲੀ ਸਮਾਨ ਦੇਣ ਵਾਲਾ ਗਲਤ ਹੁੰਦਾ ਹੈ। ਜਦੋਂ ਭੇਂਟ ਕੀਤੀਆਂ ਗਈਆਂ ਵਸਤਾਂ ਨਕਲੀ ਪਾਈਆਂ ਗਈਆਂ ਤਾਂ ਇਨ੍ਹਾਂ ਵੱਲੋਂ ਮੇਰੇ ਉਤੇ ਹੋਰ ਵੀ ਬਹੁਤ ਸਾਰੇ ਝੂਠੇ ਇਲਜ਼ਾਮ ਲਗਾਏ ਗਏ।ਜਿਸ ਵਿੱਚ ਡਾ. ਸਮਰਾ ਨੇ ਕਿਹਾ ਕਿ ਗਿਆਨੀ ਰਣਜੀਤ ਸਿੰਘ ਮੇਰੇ ਤੋਂ 70 ਲੱਖ ਰੁਪਏ ਲੈ ਕੇ ਗਏ ਹਨ। ਜਿਸਦਾ ਕੋਈ ਵੀ ਸਬੂਤ ਡਾ. ਸਮਰਾ ਦੇ ਕੋਲ ਨਹੀਂ ਹੈ। ਇਸ ਤੋਂ ਬਾਅਦ ਇਨ੍ਹਾਂ ਨੇ ਮੈਨੂੰ ਇੱਕ 25 ਲੱਖ ਰੁਪਏ ਦੀ ਲੋਈ ਭੇਂਟ ਕਰਨ ਦੀ ਗੱਲ ਆਖੀ। ਜਿਸਦਾ ਕਿ ਇਨ੍ਹਾਂ ਵੱਲੋਂ ਇਸ ਲੋਈ ਨੂੰ ਖਰੀਦ ਕਰਨ ਦਾ ਕੋਈ ਵੀ ਬਿੱਲ ਦਿਖਾਇਆ ਨਹੀਂ ਗਿਆ। ਇਨ੍ਹਾਂ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ 10 ਕਰੋੜ ਰੁਪਏ ਦਾ ਚੈੱਕ ਦੇਣ ਦੀ ਫੋਟੋ ਵੀ ਮੈਨੂੰ ਮੋਬਾਇਲ 'ਤੇ ਭੇਜੀ ਗਈ। ਜਿਸ ਨੂੰ ਦੇਣ ਲਈ ਇਹ ਬਾਅਦ ਵਿੱਚ ਮੁੱਕਰ ਗਿਆ। ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਅੱਗੇ ਦੱਸਿਆ ਕਿ ਡਾ. ਸਮਰਾ ਵੱਲੋਂ ਮੇਰੇ 'ਤੇ ਇੱਕ ਕਰੋੜ 24 ਲੱਖ ਮੈਨੂੰ ਦਿੱਤੇ ਹੋਣ ਦਾ ਝੂਠਾ ਇਲਜ਼ਾਮ ਲਗਾਇਆ। ਜਿਸ ਦਾ ਕੋਈ ਵੀ ਸਬੂਤ ਇਨ੍ਹਾਂ ਕੋਲ ਨਹੀਂ ਹੈ। ਇਥੋਂ ਤੱਕ ਕਿ ਮੇਰੇ ਉਤੇ ਲੜਕੀ ਛੇੜਨ ਦਾ ਝੂਠਾ ਇਲਜ਼ਾਮ ਇਨ੍ਹਾਂ ਵੱਲੋਂ ਲਗਾਇਆ ਗਿਆ। ਮੇਰੇ 'ਤੇ ਬਲਾਤਕਾਰ ਅਤੇ ਅਬੌਰਸ਼ਨ ਕਰਵਾਉਣ ਵਰਗੇ ਝੂਠੇ 'ਤੇ ਨੀਚ ਇਲਜ਼ਾਮ ਵੀ ਲਗਾਏ ਗਏ। ਡਾ. ਸਮਰਾ ਵਲੋਂ ਪੰਜ ਪਿਆਰਿਆਂ ਨੂੰ ਆਪਣੇ ਵੱਲੋਂ ਝੂਠੇ ਕਾਗਜ ਦਿਖਾ ਕੇ ਅਤੇ ਵਰਗਲਾਅ ਕੇ ਮੇਰੇ ਖਿਲਾਫ ਇਹ ਸਭ ਕੁੱਝ ਕੀਤਾ ਗਿਆ ਹੈ। ਡਾ. ਸਮਰਾ ਨੇ ਪੰਜ ਪਿਆਰਿਆਂ ਨੂੰ ਜੋ ਕਾਗਜ ਦਿਖਾਏ ਹਨ ਉਨ੍ਹਾਂ ਉਤੇ ਇਨ੍ਹਾਂ ਵੱਲੋਂ ਮੇਰੇ ਜਾਅਲੀ ਸਾਇਨ ਕਿਸੇ ਹੋਰ ਕਾਗਜ਼ ਤੋਂ ਕਾਪੀ ਪੋਸਟ ਕੀਤੇ ਗਏ ਹਨ। ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦੱਸਿਆ ਕਿ ਡਾ. ਸਮਰਾ ਪਹਿਲਾਂ ਵੀ ਮਾੜੇ ਅਨਸਰਾਂ ਨਾਲ ਮਿਲੇ ਹੋਏ ਸਨ। ਇਨ੍ਹਾਂ ਵੱਲੋਂ ਪੰਜਾਬ ਪੁਲਿਸ ਦੇ ਇੱਕ ਵੱਡੇ ਪੁਲਿਸ ਅਫਸਰ ਨੂੰ ਵੀ ਗਲਤ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜੋ ਬਾਅਦ ਵਿੱਚ ਝੂਠਾ ਪਾਇਆ ਗਿਆ। ਡਾ. ਸਮਰਾ ਵੱਲੋਂ ਹੋਰ ਵੀ ਕਈ ਲੋਕਾਂ ਨਾਲ ਜਾਅਲੀ ਕਾਗਜ ਤਿਆਰ ਕਰਕੇ ਠੱਗੀ ਮਾਰੀ ਗਈ ਹੈ। ਕਈ ਕੇਸਾਂ ਵਿੱਚ ਇਨ੍ਹਾਂ ਨੂੰ ਸਜਾ ਵੀ ਹੋ ਚੁੱਕੀ ਹੈ। ਇਨ੍ਹਾਂ ਦਾ ਸ਼ੁਰੂ ਤੋਂ ਹੀ ਮਾੜੇ ਕੰਮ ਕਰਨ ਦਾ ਖਾਨਦਾਨੀ ਕੀਤਾ ਚਲਿਆ ਆ ਰਿਹਾ ਹੈ। ਡਾ. ਸਮਰਾ ਤੇ ਇਸ ਟਾਇਮ ਵੀ 40 ਤੋਂ ਵੱਧ ਕੇਸ ਚੱਲ ਰਹੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਕੇਸਾਂ ਵਿੱਚ ਇਨ੍ਹਾਂ ਨੂੰ ਸਜਾ ਹੋ ਚੁੱਕੀ ਹੈ। ਇਥੋਂ ਤੱਕ ਕਿ ਇਨ੍ਹਾਂ ਕੋਲੋਂ ਆਰਡੀਐਕਸ ਵਰਗੀ ਧਮਾਕੇਖੇਜ਼ ਸਮੱਗਰੀ ਦੀ ਬਰਾਮਦਗੀ ਵੀ ਹੋ ਚੁੱਕੀ ਹੈ। ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਡਾ. ਸਮਰਾ ਦੀ ਇੱਕ ਹੋਰ ਠੱਗੀ ਉਜਾਗਰ ਕਰਦੇ ਹੋਏ ਦੱਸਿਆ ਕਿ ਇਸ ਨੇ ਕਰਤਾਰ ਪੁਰ ਨਿਵਾਸੀ ਵਰਿੰਦਰ ਧੀਮਾਨ ਦੀ 15 ਕਨਾਲ 19 ਮਰਲੇ ਜਮੀਨ ਝੂਠੇ ਕਾਗਜ ਤਿਆਰ ਕਰਕੇ ਆਪਣੇ ਨਾਮ ਕਰਵਾ ਲਈ ਸੀ। ਇਹ ਜਮੀਨ ਬਾਅਦ ਵਿੱਚ ਵਰਿੰਦਰ ਧੀਮਾਨ ਨੂੰ ਵਾਪਿਸ ਕਰਨੀ ਪਈ। ਜਿਸ ਦਾ ਕੇਸ ਵੀ ਡਾ. ਸਮਰਾ ਉਤੇ ਚੱਲਿਆ। ਇਸ ਦੇ ਨਾਲ ਹੀ ਡਾ. ਸਮਰਾ ਨੇ ਇੱਕ ਠੱਗੀ ਆਪਣੀ ਸਕੀ ਭੈਣ ਦੇ ਨਾਲ ਵੀ ਮਾਰੀ ਜਿਸ ਵਿੱਚ ਡਾ. ਸਮਰਾ ਨੇ ਆਪਣੀ ਭੈਣ ਦੀ ਜਮੀਨ ਪਿੰਡ ਛੱਜਲਵੰਡੀ ਜ਼ਿਲ੍ਹਾ ਅੰਮ੍ਰਿਤਸਰ ਦੀ 6 ਏਕੜ ਜ਼ਮੀਨ ਹੜੱਪ ਕਰ ਲਈ। ਜਿਸ ਸਬੰਧ ਵਿੱਚ ਡਾ. ਸਮਰਾ ਨੂੰ ਕੈਦ ਵੀ ਹੋਈ। ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਡਾ. ਗੁਰਵਿੰਦਰ ਸਿੰਘ ਸਮਰਾ ਦੀ ਡਾਕਟਰੀ ਡਿਗਰੀ ਨੂੰ ਜਾਅਲੀ ਦੱਸਦਿਆਂ ਪੰਜਾਬ ਮੈਡੀਕਲ ਐਸੋਸੀਏਸ਼ਨ ਨੂੰ ਇਸਦੀ ਡਿਗਰੀ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਜਥੇਦਾਰ ਨੇ ਅੱਗੇ ਕਿਹਾ ਕਿ ਡਾ. ਸਮਰਾ ਵੱਲੋਂ ਸ਼ੋਸ਼ਲ ਮੀਡੀਆ ਉਤੇ ਮੇਰੇ ਉਤੇ ਝੂਠੇ ਇਲਜ਼ਾਮ ਲਗਾ ਕੇ ਮੇਰੀ ਸ਼ਾਖ ਨੂੰ ਬਹੁਤ ਠਾਹ ਲਾਈ ਹੈ। ਇਨ੍ਹਾਂ ਵੱਲੋਂ ਪੰਜ ਪਿਆਰਿਆਂ ਨੂੰ ਵਰਗਲਾਅ ਕੇ ਇਹ ਸਭ ਕੁੱਝ ਕੀਤਾ ਗਿਆ ਹੈ। ਜਥੇਦਾਰ ਨੇ ਦੱਸਿਆ ਇਨ੍ਹਾਂ ਪੰਜ ਪਿਆਰਿਆਂ ਵੱਲੋਂ ਪਿਛਲੇ ਸਮੇਂ ਵਿੱਚ ਗੁਰਮੀਤ ਰਾਮ ਰਹੀਮ ਦੇ ਪੱਖ ਵਿੱਚ ਹੁਕਮਨਾਮਾ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਪੰਜ ਪਿਆਰਿਆਂ ਵੱਲੋਂ ਜੋ ਮੈਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਹ ਇੱਕ ਪਾਸੜ ਫੈਸਲਾ ਹੈ। ਜਿਸ ਵਿੱਚ ਮੇਰਾ ਪੱਖ ਨਹੀਂ ਸੁਣਿਆ ਗਿਆ ਹੈ। ਸਿਰਫ ਡਾ. ਸਮਰਾ ਦੇ ਲਗਾਏ ਗਏ ਝੂਠੇ ਇਲਜ਼ਾਮਾ ਨੂੰ ਮੰਨ ਕੇ ਇਹ ਕਾਰਵਾਈ ਕੀਤੀ ਗਈ ਹੈ। ਜੋ ਕਿ ਸਰਾਸਰ ਗਲਤ ਹੈ ਅਤੇ ਨਿੰਦਣਯੋਗ ਹੈ। -PTC News

Related Post