FIFA ਵੱਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਮੁਅੱਤਲ

By  Ravinder Singh August 16th 2022 10:48 AM -- Updated: August 16th 2022 04:33 PM

ਨਵੀਂ ਦਿੱਲੀ : ਭਾਰਤੀ ਫੁੱਟਬਾਲ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਫੁੱਟਬਾਲ ਦੀ ਸਿਖਰਲੀ ਸੰਸਥਾ FIFA ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਭਾਰਤੀ ਫੁੱਟਬਾਲ 'ਚ ਪਿਛਲੇ ਦਿਨਾਂ ਤੋਂ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ। ਹੁਣ ਫੀਫਾ ਦੇ ਇਸ ਫੈਸਲੇ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ। FIFA ਵੱਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਮੁਅੱਤਲਫੁੱਟਬਾਲ ਦੀ ਮੁੱਖ ਸੱਤਾਧਾਰੀ ਸੰਸਥਾ ਫੀਫਾ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏਆਈਐਫਐਫ) ਨੂੰ ਤੀਜੀ ਧਿਰ ਨਾਲ ਮਿਲੀਭੁਗਤ ਕਰਨ ਤੇ ਦੇਸ਼ ਵਿੱਚ ਫੁੱਟਬਾਲ ਖੇਡ ਨੂੰ ਪ੍ਰਭਾਵਿਤ ਕਰਨ ਲਈ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਫੀਫਾ ਨੇ ਕਿਹਾ ਕਿ ਏਆਈਐਫਐਫ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਸੀ। ਫੁੱਟਬਾਲ ਫੈਡਰੇਸ਼ਨ ਦੀ ਮੁਅੱਤਲੀ ਕਾਰਨ ਭਾਰਤ ਹੁਣ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡ ਸਕੇਗਾ ਅਤੇ ਨਾ ਹੀ ਕਿਸੇ ਟੂਰਨਾਮੈਂਟ 'ਚ ਹਿੱਸਾ ਲੈ ਸਕੇਗਾ।  

ਫੀਫਾ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਫੀਫਾ ਕੌਂਸਲ ਦੇ ਬਿਊਰੋ ਨੇ ਸਰਬਸੰਮਤੀ ਨਾਲ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਨੂੰ ਤੀਜੀ ਧਿਰ ਦੇ ਬੇਲੋੜੇ ਪ੍ਰਭਾਵ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ, ਜੋ ਕਿ ਫੀਫਾ ਦੇ ਨਿਯਮਾਂ ਦੀ ਗੰਭੀਰ ਉਲੰਘਣਾ ਹੈ। ਨਿਯਮਾਂ ਦੀ ਉਲੰਘਣਾ ਕਰ ਕੇ ਹੀ ਇਹ ਸਖ਼ਤ ਫੈਸਲਾ ਲਿਆ ਗਿਆ ਹੈ। ਦਰਅਸਲ ਸੁਪਰੀਮ ਕੋਰਟ ਨੇ ਏਆਈਐਫਐਫ ਵਿੱਚ ਹੋਈਆਂ ਬੇਨਿਯਮੀਆਂ ਦੇ ਮੱਦੇਨਜ਼ਰ ਚੋਣਾਂ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ। ਇਸ ਮਗਰੋਂ ਫੀਫਾ ਨੇ ਇਹ ਸਖ਼ਤ ਕਦਮ ਚੁੱਕਿਆ ਹੈ।
ਇਸ ਮੁਅੱਤਲੀ ਕਾਰਨ ਇਸ ਸਾਲ ਭਾਰਤ 'ਚ ਹੋਣ ਵਾਲੇ ਅੰਡਰ-19 ਮਹਿਲਾ ਵਿਸ਼ਵ ਕੱਪ 'ਤੇ ਵੀ ਖ਼ਤਰੇ ਦੇ ਬੱਦਲ ਛਾ ਗਏ ਹਨ। ਇਹ ਵਿਸ਼ਵ ਕੱਪ 11 ਤੋਂ 30 ਅਕਤੂਬਰ ਤੱਕ ਹੋਣਾ ਸੀ। ਇਸ ਕਾਰਨ ਪ੍ਰਸ਼ੰਸਕਾਂ 'ਚ ਭਾਰੀ ਨਿਰਾਸ਼ਾ ਹੈ। ਫੀਫਾ ਭਾਰਤ ਦੇ ਖੇਡ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਹੈ ਤੇ ਇਕ ਹਾਂਪੱਖੀ ਨਤੀਜੇ ਤੱਕ ਪਹੁੰਚਣ ਦੀ ਉਮੀਦ ਕਰਦਾ ਹੈ। -PTC News ਇਹ ਵੀ ਪੜ੍ਹੋ : ਵੰਡ ਸਮੇਂ ਮਾਰੇ ਗਏ ਲੋਕਾਂ ਲਈ ਭਾਰਤ ਤੇ ਪਾਕਿਸਤਾਨ ਪਾਰਲੀਮੈਂਟ 'ਚ ਲਿਆਉਣ ਸ਼ੋਕ ਮਤੇ : ਜਥੇਦਾਰ ਹਰਪ੍ਰੀਤ ਸਿੰਘ

Related Post