ਚੰਡੀਗੜ੍ਹ : ਕਾਂਗਰਸ ਨੇਤਾ ਅਲਕਾ ਲਾਂਬਾ ਅੱਜ ਪੁਲਿਸ ਦੇ ਸਾਹਮਣੇ ਪੇਸ਼ ਹੋਣੇ । ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਾਂਗਰਸ ਨੇਤਾ ਵੀ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਅਲਕਾ ਲਾਂਬਾ ਮੰਗਲਵਾਰ ਨੂੰ ਵੀ ਪੰਜਾਬ ਪਹੁੰਚ ਗਏ ਸਨ। ਰਾਜਾ ਵੜਿੰਗ ਨੇ ਕਿਹਾ ਕਿ ਲਾਂਬਾ ਕਾਂਗਰਸ ਦੇ ਨਾਲ ਪੂਰੀ ਇੱਕਜੁਟਤਾ ਤੋਂ ਖੜ੍ਹੀ ਹੈ। ਕੁਮਾਰ ਵਿਸ਼ਵਾਸ ਦੇ ਬਿਆਨ ਦਾ ਸਮਰਥਨ ਕਰਨ ਲਈ 12 ਅਪ੍ਰੈਲ ਨੂੰ ਰੋਪੜ ਥਾਣਾ ਸਦਰ ਵਿਖੇ ਪਰਚਾ ਦਰਜ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਭੜਕਾਊ ਬਿਆਨ ਦੇਣ ਦੇ ਦੋਸ਼ 'ਚ ਕਾਂਗਰਸ ਨੇਤਾ ਅਲਕਾ ਲਾਂਬਾ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਅਲਕਾ ਲਾਂਬਾ ਚੰਡੀਗੜ੍ਹ ਵਿੱਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਸਮੇਂ ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਵੀਕੇ ਭਾਵੜਾ ਨੂੰ ਪੱਤਰ ਲਿਖ ਕੇ ਅਲਕਾ ਲਾਂਬਾ ਅਤੇ ਕੁਮਾਰ ਵਿਸ਼ਵਾਸ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਪੱਤਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਕਿ ਐਫਆਈਆਰ ਕਿਸ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਸੀ, ਉਸ ਦੀ ਪਛਾਣ ਹਾਲੇ ਤੱਕ ਸਾਹਮਣੇ ਨਹੀਂ ਆਈ ਸੀ। ਇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕਿਉਂਕਿ ਇਹ ਦੋਵੇਂ ਵਿਅਕਤੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਦੇ ਹਨ, ਇਸ ਲਈ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਇਹ ਵੀ ਪੜ੍ਹੋ : ਰਿਸ਼ਵਤਖੋਰੀ ਤਹਿਤ ਪਟਵਾਰੀ ਸਣੇ ਤਿੰਨ ਵਿਰੁੱਧ ਮਾਮਲਾ ਦਰਜ