ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਲੋਕਾਂ ਨਾਲ ਵਚਨਬੱਧਤਾ ਦੀ ਬੇਹਤਰੀਨ ਉਦਾਹਰਣ: ਪ੍ਰਕਾਸ਼ ਸਿੰਘ ਬਾਦਲ

By  Riya Bawa February 15th 2022 07:50 PM

ਚੰਡੀਗੜ੍ਹ: ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਦੁਪਹਿਰ ਜਾਰੀ ਕੀਤੇ ਅਕਾਲੀ ਦਲ ਤੇ ਬਸਪਾ ਦੇ ਚੋਣ ਮਨੋਰਥ ਪੱਤਰ ਨੂੰ ਲੋਕਾਂ ਨਾਲ ਵਚਨਬੱਧਤਾ ਦੀ ਬੇਹਤਰੀਨ ਉਦਾਹਰਣ ਕਰਾਰ ਦਿੰਦਿਆਂ ਕਿਹਾ ਕਿ ਇਹ ਪਿਛਲੇ ਵਿਰਸੇ, ਮੌਜੂਦਾ ਅਸਲੀਅਤ ਤੇ ਭਵਿੱਖ ਲਈ ਪ੍ਰਗਤੀਸ਼ੀਲ ਸੋਚ ਦੇ ਸੁਮੇਲ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਉਹਨਾਂ ਦੇ ਆਪਣੇ ਜੀਵਨ ਕਾਲ ਵਿਚ ਵੇਖਿਆ ਹੁਣ ਤੱਕ ਦਾ ਸਭ ਤੋਂ ਵੱਡੀ ਦੂਰਅੰਦੇਸ਼ੀ ਸੋਚ ਵਾਲਾ ਬਿਆਨ ਹੈ ਜਿਸ ਵਿਚ ਪੰਜਾਬ ਨੂੰ ਖੁਸ਼ਹਾਲੀ ਨਾਲ ਭਰਪਰੂਰ ਭਵਿੱਖ ਵਿਚ ਲਿਜਾਣ ਦਾ ਰੋਡ ਮੈਪ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਨੇ ਆਪਣਾ ਚੋਣ ਮਨੋਰਥ ਪੱਤਰ ਰਿਲੀਜ਼ ਕੀਤਾ ਜਿਸ ਵਿਚ ਲਾਮਿਸਾਲ ਤੇ ਦਲੇਰਾਨਾ ਪਹਿਲਕਦਮੀਆਂ ਸ਼ਾਮਲ ਹਨ ਜਿਹਨਾਂ ਰਾਹੀਂ ਹਰ ਘਰ ਲਈ ਸੋਲਰ ਐਨਰਜੀ ਦੀ ਵਰਤੋਂ ਰਾਹੀਂ ਜ਼ੀਰੋ ਬਿੱਲ, ਕਿਤੇ ਵੀ ਉਚੇਰੀ ਸਿੱਖਿਆ ਹਾਸਲ ਕਰਨ ਵਾਸਤੇ 10 ਲੱਖ ਰੁਪਏ ਦਾ ਸਟੂਡੈਂਟ ਕਾਰਡ, ਸਾਰੇ ਪੰਜਾਬੀਆਂ ਲਈ 10 ਲੱਖ ਰੁਪਏ ਦਾ ਸਾਲਾਨਾ ਸਿਹਤ ਬੀਮਾ, ਨੀਲਾ ਕਾਰਡ ਧਾਰਕ ਪਰਿਵਾਰ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ, ਬੇਘਰੇ ਗਰੀਬ ਲੋਕਾਂ ਲਈ ਪੰਜ ਪੰਜ ਮਰਲੇ ਦੇ ਪਲਾਟ ਤੇ ਪੰਜ ਲੱਖ ਪੱਕੇ ਮਕਾਨ, ਬੁਢਾਪਾ ਪੈਨਸ਼ਨ 3100 ਰੁਪਏ ਕਰਨਾ ਅਤੇ ਸ਼ਗਨ ਸਕੀਮ ਤਹਿਤ ਰਾਸ਼ੀ 75000 ਰੁਪਏ ਪ੍ਰਦਾਨ ਕਰਨਾ ਸ਼ਾਮਲ ਹੈ। ਇਹ ਵੀ ਪੜ੍ਹੋ: ਸੁਰਜੀਤ ਸਿੰਘ ਰੱਖੜਾ ਨੇ ਭਾਰਤ ਸਰਕਾਰ ਤੇ ਲਗਾਏ ਵੱਡੇ ਇਲਜ਼ਾਮ ਇਸ ਚੋਣ ਮਨੋਰਥ ਪੱਤਰ ਵਿਚ ਨੌਜਵਾਨਾਂ ਖਾਸ ਤੌਰ ’ਤੇ ਮਹਿਲਾਵਾਂ ਨੂੰ ਆਪਣੇ ਉਦਮ ਸ਼ੁਰੂ ਕਰਨ ਵਾਸਤੇ 5 ਲੱਖ ਰੁਪਏ ਤੱਕ ਦਾ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕਰਨਾ ਸ਼ਾਮਲ ਹੈ। ਪਾਰਟੀ ਦੇ ਮੁੱਖ ਦਫਤਰ ਵਿਚ ਇਹ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਪੰਜਾਬ ਦੇ ਇੰਚਾਰਜ  ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨੁੰ ਅੱਗੇ ਦਲੇਰ ਨਵੇਂ ਯੁੱਗ ਵਿਚ ਲਿਜਾਣ ਲਈ ਅਸੀਂ ਬਹੁਤ ਲੋੜੀਂਆਂ ਸਮਾਜ ਭਲਾਈ ਸਕੀਮਾਂ ’ਤੇ ਜ਼ੋਰ ਦਿੱਤਾ ਹੈ ਜਿਸ ਤਹਿਤ ਸਭ ਦੀ ਨਿਰੰਰਤ ਤਰੱਕੀ ਅਤੇ ਵਿਕਾਸ ’ਤੇ ਧਿਆਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਆਪਣੇ ਸਮਾਜ ਦੇ ਹਰ ਖੇਤਰ ਦੇ ਲੋਕਾਂ ਦੀ ਜ਼ਿੰਦਗੀ ਵਿਚ ਲਾਮਿਸਾਲ ਤਬਦੀਲੀ ਲਿਆਵਾਂਗੇ। ਅਸੀਂ ਆਪਣੇ ਕਿਸਾਨਾਂ ਦੀ ਸਮਰਥਾ ਦੀ ਵਪਾਰਕ ਪੱਧਰ ’ਤੇ ਵਰਤੋਂ ਕਰਾਂਗੇ ਜਿਸ ਵਾਸਤੇ ਸਰਕਾਰੀ ਸਹਾਇਤਾ ਨਾਲ ਖੇਤੀਬਾੜੀ ਵਿਚ ਕ੍ਰਾਂਤੀ ਲਿਆਵਾਂਗੇ। ਅਸੀਂ ਮੱਕੀ ਤੋਂ ਈਥਾਨੋਲ ਬਣਾਉਣ ਵਾਸਤੇ ਇਕਾਈਆਂ ਦਾ ਨੈਟਵਰਕ ਸਥਾਪਿਤ ਕਰਨ ਵਰਗੀਆਂ ਨਿਵੇਕਲੀਆਂ ਪਹਿਲਕਦਮੀਆਂ ਕਰਾਂਗੇ। ਚੋਣ ਮਨੋਰਥ ਪੱਤਰ ਵਿਚ ਬਹੁਤ ਹੀ ਲਾਹੇਵੰਦ ਜਲ ਆਧਾਰਿਤ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ ਜਿਸ ਤਹਿਤ ਨਾ ਕਿਸੇ ਖਾਦ ਦੀ ਜ਼ਰੂਰਤ ਹੈ, ਨਾ ਕਿਸੇ ਦਵਾਈ ਦੀ ਅਤੇ ਸਿੰਜਾਈ ਦੇ ਪਾਣੀ ਦੀ 90 ਫੀਸਦੀ ਬੱਚਤ ਹੋਵੇਗੀ ਤੇ ਇਸ ਵਾਸਤੇ ਟਰੈਕਟਰ ਵਰਗੀ ਮਹਿੰਗੀ ਮਸ਼ੀਨਰੀ ਦੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਇਸ ਵਿਚ ਪਰਾਲੀ ਹੀ ਬਚੇਗੀ। ਪੰਜਾਬ ਪੰਜਾਬੀਆਂ ਲਈ ਦੀ ਵਕਾਲਤ ਕਰਦਿਆਂ ਚੋਣ ਮਨੋਰਥ ਪੱਤਰ ਵਿਚ ਪੰਜਾਬ ਵਿਚ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਵਿਚ ਪੰਜਾਬੀਆਂ ਲਈ 75 ਫੀਸਦੀ ਰਾਖਵੇਂਰਕਨ ਦਾ ਐਲਾਨ ਕੀਤਾ ਗਿਆ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਸਿਹਤ ਸੰਭਾਲ ਅਤੇ ਸਿੱਖਿਆ ਦੇ ਨਾਲ ਸਮਾਜ ਭਲਾਈ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। -PTC News

Related Post