ਭੁੱਲਰ ਦੀ ਰਿਹਾਈ ਨੂੰ ਲੈ ਕੇ ਰਾਸ਼ਟਰਪਤੀ ਨੂੰ ਮਿਲੇਗਾ ਅਕਾਲੀ ਦਲ ਦਾ ਵਫ਼ਦ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉੱਚ ਪੱਧਰੀ ਵਫ਼ਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ’ਤੇ ਜਲਦੀ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰੇਗਾ ਅਤੇ ਉਹਨਾਂ ਤੋਂ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਪ੍ਰੋ. ਭੁੱਲਰ ਦੀ ਰਿਹਾਈ ਕਰਵਾਏ ਜਾਣ ਦੀ ਮੰਗ ਕਰੇਗਾ।ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ। ਬੈਂਸ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੁੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਆਗੂ ਮੁੱਦਿਆਂ ਦੀ ਰਾਜਨੀਤੀ ਕਰ ਕੇ ਪੰਜਾਬ ਦੇ ਲੋਕਾਂ ਨੁੰ ਮੂਰਖ ਬਣਾਉਣਾ ਚਾਹੁੰਦੇ ਹਨ ਪਰ ਇਹਨਾਂ ਲਈ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਸੋਨੀਆ ਗਾਂਧੀ ਵੱਲੋਂ ਜਗਦੀਸ਼ ਟਾਈਟਲਰ ਨੁੰ ਸਿਆਸੀ ਤੌਰ ਤੇ ਅਹੁਦੇ ਦੇ ਕੇ ਸਨਮਾਨਤ ਕਰਨਾ ਕੋਈ ‘ਮੁੱਦੇ’ ਨਹੀਂ ਹਨ ਪਰ ਇਹ ਪੰਜਾਬੀਆਂ ਵਾਸਤੇ ਜ਼ਰੂਰ ਅਹਿਮ ਮੁੱਦੇ ਹਨ। ਉਹਨਾਂ ਕਿਹਾ ਕਿ ਇਹਨਾਂ ਆਗੂਆਂ ਦੀ ਮੁੱਦਿਆਂ ਦੀ ਰਾਜਨੀਤੀ ਅਸਲ ਵਿਚ ਧਰੁਵੀਕਰਨ ਤੇ ਮੌਕਾਪ੍ਰਸਤੀ ਦੀ ਰਾਜਨੀਤੀ ਹੈ। ਬੈਂਸ ਨੇ ਦੱਸਿਆ ਕਿ ਪਾਰਟੀ ਨੇ ਭਾਰਤ ਦੇ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ, ਜਿਸ ਵਿਚ ਪ੍ਰੋ. ਭੁੱਲਰ ਦੀ ਤੁਰੰਤ ਰਿਹਾਈ ਲਈ ਬੇਨਤੀ ਕੀਤੀ ਜਾਵੇਗੀ। ਐੱਚ.ਐੱਸ.ਬੈਂਸ ਦਾ ਕਹਿਣਾ ਹੈ ਕਿ ਪ੍ਰੋ.ਦਵਿੰਦਰਪਾਲ ਭੁੱਲਰ ਦੀ ਰਿਹਾਈ ਦੀ ਫਾਈਲ ਉੱਤੇ ਕੇਜਰੀਵਾਲ ਨੇ ਸਾਈਨ ਨਹੀਂ ਕੀਤੇ ਅਤੇ ਪੰਜਾਬ ਦੀ ਟੀਮ ਵਿਚੋਂ ਕੋਈ ਵੀ ਦਵਿੰਦਰਪਾਲ ਭੁੱਲਰ ਬਾਰੇ ਕੁੱਝ ਨਹੀਂ ਬੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਕੋਲ ਜੋ ਕਾਨੂੰਨੀ ਅਧਿਕਾਰ ਹੈ, ਅਸੀਂ ਉਸਦੀ ਵਰਤੋਂ ਕਰਾਂਗੇ। ਅਕਾਲੀ ਦਲ ਵੱਲੋਂ ਪ੍ਰੋ. ਭੁੱਲਰ ਦੀ ਰਿਹਾਈ ਦੀ ਮੰਗ ਕਰਨ ਨੂੰ ਚਲ ਰਹੀਆਂ ਚੋਣਾਂ ਨਾਲ ਜੋੜਨ ਬਾਰੇ ਇਕ ਸਵਾਲ ਦੇ ਜਵਾਬ ਵਿਚ ਬੈਂਸ ਨੇ ਕਿਹਾ ਕਿ ਬੀਤੇ 10 ਸਾਲਾਂ ਤੋਂ ਅਕਾਲੀ ਦਲ ਤਿੰਨ ਵਾਰ ਰਾਸ਼ਟਰਪਤੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਮਿਲ ਚੁੱਕਾ ਹੈ ਤੇ ਬਾਅਦ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਫਦ ਵੱਖਰੇ ਤੌਰ 'ਤੇ ਮਿਲੇ ਹਨ। ਉਸ ਵੇਲੇ ਪੰਜਾਬ ਵਿਚ ਕੋਈ ਚੋਣਾਂ ਨਹੀਂ ਸਨ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਸਾਬਕਾ ਡੀ ਜੀ ਪੀ ਸਿਧਾਰਥ ਚਟੋਪਾਧਿਆਏ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਕਿਉਂਕਿ ਉਹ ਨਾ ਸਿਰਫ ਛੋਟੇ, ਭ੍ਰਿਸ਼ਟ ਤੇ ਬਦਲਾਖੋਰੀ ਦੀ ਸੋਚ ਰੱਖਣ ਵਾਲੇ ਸਿਆਸਤਦਾਨਾਂ ਤੋਂ ਹੁਕਮ ਲੈਂਦੇ ਸਨ ਬਲਕਿ ਉਹ ਭਗੌੜਿਆਂ ਤੇ ਦੇਸ਼ ਵਿਰੋਧੀ ਤੱਤਾਂ ਦੇ ਹੁਕਮ ਵੀ ਵਜਾਉਂਦੇ ਸਨ ਜਿਸ ਕਾਰਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਸਿਆਸੀ ਵਿਰੋਧੀਆਂ ਦੇ ਖਿਲਾਫ ਝੂਠੇ ਬਦਲਾਖੋਰੀ ਦੇ ਕੇਸ ਦਰਜ ਕੀਤੇ ਗਏ। ਬੈਂਸ ਨੇ ਕਿਹਾ ਹੈ ਕਿ ਚਟੋਪਾਧਿਆਏ ਨੇ ਨਸ਼ਾ ਤਸਕਰੀ ਦੇ ਮੁੱਖ ਦੋਸ਼ੀ ਜਗਦੀਸ਼ ਭੋਲਾ ਦੇ ਸਾਥੀਆਂ ਸਮੇਤ ਭਗੌੜਿਆਂ ਤੋਂ ਹੁਕਮ ਲੈ ਕੇ ਸੰਵੇਦਨਸ਼ੀਲ ਅਹੁਦਿਆਂ ’ਤੇ ਪੁਲਿਸ ਦੀਆਂ ਤਾਇਨਾਤੀਆਂ ਕੀਤੀਆਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਲਈ ਅਰਜ਼ੀ ਬਾਰੇ ਆਏ ਫੈਸਲੇ ਬਾਰੇ ਬੈਂਸ ਨੇ ਕਿਹਾ ਕਿ ਪਾਰਟੀ ਨਿਆਂਪਾਲਿਕਾ ਦਾ ਸਨਮਾਨ ਕਰਦੀ ਹੈ ਪਰ ਉਹ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਨਿਆਂ ਲੈਣ ਦੇ ਆਪਣੇ ਕਾਨੂੰਨੀ ਅਧਿਕਾਰ ਦੀ ਵਰਤੋਂ ਕਰੇਗੀ। ਇਹ ਵੀ ਪੜ੍ਹੋ:ਹਾਈਕੋਰਟ ਨੇ ਬਿਕਰਮ ਸਿੰਘ ਮਜੀਠੀਆ ਦੀ ਅਗਾਉਂ ਜ਼ਮਾਨਤ ਕੀਤੀ ਰੱਦ -PTC News