ਐਡਵੋਕੇਟ ਧਾਮੀ ਨੇ ਕਾਬਲ ’ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਭਾਈ ਸਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

By  Riya Bawa June 20th 2022 04:14 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਫ਼ਗਾਨਿਸਤਾਨ ਦੇ ਕਾਬਲ ਵਿਖੇ ਗੁਰਦੁਆਰਾ ਕਰਤੇ ਪ੍ਰਵਾਨ ਸਾਹਿਬ ’ਤੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਭਾਈ ਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦਿੱਲੀ ਵਿਖੇ ਪੁੱਜ ਕੇ ਹਮਦਰਦੀ ਪ੍ਰਗਟ ਕੀਤੀ। ਐਡਵੋਕੇਟ ਧਾਮੀ ਨੇ ਇਸੇ ਦੌਰਾਨ ਦਿੱਲੀ ਦੇ ਤਿਲਕ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਸ਼ਹੀਦ ਭਾਈ ਸਵਿੰਦਰ ਸਿੰਘ ਦੀ ਅੰਤਮ ਅਰਦਾਸ ਵਿਚ ਵੀ ਸ਼ਮੂਲੀਅਤ ਕੀਤੀ ਅਤੇ ਕਾਬਲ ਵਿਖੇ ਹੋਏ ਅੱਤਵਾਦੀ ਹਮਲੇ ਨੂੰ ਮਾਨਵ ਵਿਰੋਧੀ ਕਰੂਰ ਕਾਰਾ ਕਰਾਰ ਦਿੱਤਾ। ਉਨ੍ਹਾਂ ਸ਼ਹੀਦ ਭਾਈ ਸਵਿੰਦਰ ਸਿੰਘ ਦੀ ਪਤਨੀ ਪਾਲ ਕੌਰ, ਬਰਤਾਨੀਆ ਤੋਂ ਪੁੱਜੇ ਉਨ੍ਹਾਂ ਦੇ ਸਪੁੱਤਰ ਸ. ਅਜਮੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ।  ਐਡਵੋਕੇਟ ਧਾਮੀ ਨੇ ਕਾਬਲ ’ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਭਾਈ ਸਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਫ਼ਗਾਨਿਸਤਾਨ ਦੇ ਸਿੱਖਾਂ ਦੇ ਨਾਲ ਹੈ ਅਤੇ ਲੋੜ ਅਨੁਸਾਰ ਹਰ ਸੰਭਵ ਮੱਦਦ ਕਰਨ ਲਈ ਹਮੇਸ਼ਾ ਵਚਨਬਧ ਰਹੇਗੀ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਤੇ ਹੋਰ ਭਾਰਤੀ ਲੋਕਾਂ ਦੀ ਸੁਰੱਖਿਆ ਲਈ ਸਮੇਂ ਸਿਰ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਅਜਿਹੀ ਮੰਦਭਾਗੀਆਂ ਘਟਨਾਵਾਂ ਦਾ ਦਰਦ ਨਾ ਸਹਿਣਾ ਪਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਫਸੇ ਸਿੱਖਾਂ ਨੂੰ ਭਾਰਤ ਲਿਆ ਕੇ ਵਸਾਉੇਣਾ ਭਾਵੇਂ ਸਰਕਾਰਾਂ ਦਾ ਕੰਮ ਹੈ, ਪਰੰਤੂ ਇਸ ਕਾਰਜ ਵਿਚ ਜੋ ਵੀ ਲੋੜਾਂ ਹੋਣਗੀਆਂ ਸ਼੍ਰੋਮਣੀ ਕਮੇਟੀ ਉਸ ਲਈ ਹਰ ਸਮੇਂ ਮੌਜੂਦ ਰਹੇਗੀ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਾਰੇ ਅਫਗਾਨੀ ਸਿੱਖਾਂ ਨੂੰ ਭਾਰਤ ਲਿਆ ਕੇ ਉਨ੍ਹਾਂ ਦੇ ਚੰਗੇ ਰਹਿਣ-ਸਹਿਣ ਦਾ ਠੋਸ ਪ੍ਰਬੰਧ ਕਰੇ ਅਤੇ ਉਨ੍ਹਾਂ ਦੇ ਰੋਜਗਾਰ ਲਈ ਵੀ ਖਾਸ ਧਿਆਨ ਦੇਵੇ।  ਐਡਵੋਕੇਟ ਧਾਮੀ ਨੇ ਕਾਬਲ ’ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਭਾਈ ਸਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਇਹ ਵੀ ਪੜ੍ਹੋ: ਅਗਨੀਵੀਰਾਂ ਦੀ ਪਹਿਲੀ ਭਰਤੀ ਲਈ ਫੌਜ ਨੇ ਕੀਤਾ ਨੋਟੀਫਿਕੇਸ਼ਨ ਜਾਰੀ ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਭਾਈ ਸਵਿੰਦਰ ਸਿੰਘ ਦੇ ਸਪੁੱਤਰ ਅਜਮੀਤ ਸਿੰਘ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਦਸਤਾਰ ਦੇ ਕੇ ਨਿਵਾਜਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸੇ ਦੌਰਾਨ ਭਾਈ ਸਵਿੰਦਰ ਸਿੰਘ ਦੇ ਪਰਿਵਾਰ ਤੋਂ ਇਲਾਵਾ ਦਿੱਲੀ ਵਿਖੇ ਰਹਿੰਦੇ ਅਫਗਾਨੀ ਸਿੱਖ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਅਤੇ ਅਫਗਾਨਿਸਤਾਨ ’ਚ ਰਹਿੰਦੇ ਸਿੱਖਾਂ ਦੀ ਗਿਣਤੀ ਅਤੇ ਮੌਜੂਦਾ ਸਥਿਤੀ ਬਾਰੇ ਵਿਚਾਰ-ਵਿਟਾਂਦਰਾ ਕੀਤਾ। ਇਸ ਮੌਕੇ ਮੌਜੂਦ ਅਫਗਾਨਿਸਤਾਨ ਦੇ ਅੰਬੈਸਡਰ ਫਰੀਦ ਮਾਮੁੰਦਜਈ ਨੂੰ ਵੀ ਐਡਵੋਕੇਟ ਧਾਮੀ ਨੇ ਸਿੱਖਾਂ ਦੀ ਅਫਗਾਨਿਸਤਾਨ ’ਚ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ। -PTC News

Related Post