ਪੁਲਿਸ ਮੁਲਾਜ਼ਮ ਬਣ ਕੇ ਦਬਕੇ ਨਾਲ ਜਨਤਾ ਨੂੰ ਲੁੱਟਦਾ ਸੀ ਮੁਲਜ਼ਮ
ਰਵੀਬਖਸ਼ ਸਿੰਘ ਅਰਸ਼ੀ, (ਬਟਾਲਾ, 27 ਦਸੰਬਰ): ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪੁਲਿਸ ਨੂੰ ਚਕਮਾ ਦੇ ਕੇ ਲੋਕਾਂ ਨੂੰ ਪੁਲਿਸ ਮੁਲਾਜ਼ਮ ਬਣ ਕੇ ਲੁੱਟਣ ਵਾਲੇ ਅਪਰਾਧੀ ਨੂੰ ਉਨ੍ਹਾਂ ਕਾਬੂ ਕਰ ਲਿਆ। ਦਬੋਚੇ ਗਏ ਸ਼ਾਤਿਰ ਅਪਰਾਧੀ ਜਗਦੀਪ ਸਿੰਘ ਉੱਤੇ ਪਹਿਲਾਂ ਤੋਂ ਹੀ 10 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ।
ਬਟਾਲਾ ਪੁਲਿਸ ਦੇ ਡੀ.ਐਸ.ਪੀ ਲਲਿਤ ਕੁਮਾਰ ਨੇ ਦੱਸਿਆ ਕਿ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ ਨਾਕਾਬੰਦੀ ਦੌਰਾਨ ਜਗਦੀਪ ਸਿੰਘ ਉਰਫ਼ ਜਗਨਾ ਪੁੱਤਰ ਸਲਵਿੰਦਰ ਸਿੰਘ ਵਾਸੀ ਨਵੀਂ ਅਬਾਦੀ ਧਾਰੀਵਾਲ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਵੀ ਬ੍ਰਾਮਦ ਕੀਤੀ। ਉਸ ਖ਼ਿਲਾਫ਼ ਮੁਕੱਦਮਾ ਨੰਬਰ 214 ਮਿਤੀ 26-12-2022 ਜੁਰਮ 21-61-85 NDPS ACT ਤਹਿਤ ਥਾਣਾ ਸਿਟੀ ਬਟਾਲਾ ਦਰਜ ਕਰਕੇ ਅਗਲੀ ਪੁੱਛਗਿੱਛ ਕੀਤੀ ਗਈ।
ਪੁੱਛਗਿਛ ਦੌਰਾਨ ਮੁਲਜ਼ਮ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਥਾਣੇ ਦੇ ਏਰੀਆ ਵਿੱਚ ਪੁਲਿਸ ਨਾਕੇ ਤੋਂ ਅੱਗੇ ਰੁੱਕ ਕੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਰਾਹਗਿਰਾਂ ਤੋਂ ਸਮਾਨ ਖੋਹ ਕੇ ਨੱਸ ਜਾਂਦਾ ਸੀ। ਮੁਜ਼ਲਮ ਨੇ ਦੱਸਿਆ ਕਿ ਉਹ ਲੋਕਾਂ ਨੂੰ ਨਾਕਾ ਤੋੜਨ ਦੇ ਬਹਾਨੇ ਲੁੱਟਿਆ ਕਰਦੇ ਸਨ ਜਿਸ ਵਿੱਚ ਉਸ ਦੇ ਨਾਲ ਹੋਰ ਨੌਜਵਾਨ ਵੀ ਸ਼ਾਮਲ ਹਨ।
ਉਸਨੇ ਦੱਸਿਆ ਕਿ ਉਹ ਚਾਰ ਪੰਜ ਜਾਣੇ ਰਲ ਮਿਲ ਕੇ ਰਾਹ ਜਾਂਦੇ ਲੋਕਾਂ ਨੂੰ ਪੁਲਿਸ ਦਾ ਨਾਕਾ ਤੋੜ ਕੇ ਭੱਜ ਜਾਣ ਦੇ ਬਹਾਨੇ 'ਤੇ ਉਹਨਾਂ ਪਾਸੋਂ ਪਰਸ ਅਤੇ ਪੇਸੇ ਖੋਹ ਕੇ ਲੈ ਜਾਂਦੇ ਸੀ, ਜੋ ਪੈਸੇ ਪਰਸ ਵਿੱਚ ਨਿਕਲਦੇ ਸੀ ਉਹ ਆਪਸ ਵਿੱਚ ਵੰਡ ਲੈਂਦੇ ਸਨ।
ਮਿਤੀ 25-12-2022 ਨੂੰ ਵੀ ਮੁਲਜ਼ਮ ਨੇ ਸ਼ਹਿਰ ਬਟਾਲਾ ਤੋਂ ਉਸਦੀ ਸਕੂਟਰੀ ਨੰਬਰੀ 06-AP-2228 ਮਾਰਕਾ ਜੁਪੀਟਰ 'ਤੇ ਸਵਾਰ ਹੋ ਕੇ ਇੱਕ ਵਿਅਕਤੀ ਪਾਸੋਂ 4500 ਰੁਪਏ ਪੁਲਿਸ ਮੁਲਾਜ਼ਮ ਦੱਸ ਕੇ ਖੋਹ ਲਏ ਸਨ। ਮੁਲਾਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਬਟਾਲਾ ਪੁਲਿਸ ਨੇ ਰਿਮਾਂਡ ਹਾਸਲ ਕਰ ਲਈ ਗਈ ਹੈ। ਇਸ ਦਰਮਿਆਨ ਉਸ ਪਾਸੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।
- PTC NEWS