ਜਲੰਧਰ ਇੰਪਰੂਵਮੈਂਟ ਟਰੱਸਟ ਮਾਮਲੇ ਵਿਚ ਇਓ ਸਣੇ ਲੇਖਾਕਾਰ ਤੇ ਜੂਨੀਅਰ ਸਹਾਇਕ ਮੁਅੱਤਲ

By  Jasmeet Singh April 29th 2022 10:16 PM

ਜਲੰਧਰ, 29 ਅਪ੍ਰੈਲ 2022: ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਜਲੰਧਰ ਇੰਪਰੂਵਮੈਂਟ ਟਰੱਸਟ 'ਚ ਕੀਤੀ ਗਈ ਜਾਂਚ ਪੜਤਾਲ ਤੋਂ ਬਾਅਦ ਕੁਤਾਹੀਆਂ ਵਰਤਣ ਲਈ ਉਥੇ ਦੇ ਤਿੰਨ ਮੁਲਾਜ਼ਮਾਂ ਨੂੰ ਜਾਰੀ ਹੁਕਮ ਅਧੀਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਕਾਰਜ ਸਾਧਕ ਅਫਸਰ ਪਰਮਿੰਦਰ ਸਿੰਘ ਗਿੱਲ, ਲੇਖਾਕਾਰ ਆਸ਼ੀਸ਼ ਕੁਮਾਰ ਅਤੇ ਜੂਨੀਅਰ ਸਹਾਇਕ ਅਨੁਜ ਰਾਏ ਨੂੰ ਕੁਤਾਹੀਆਂ ਦਾ ਦਸ਼ੀ ਪਾਇਆ ਗਿਆ ਸੀ ਜਿਸਤੋਂ ਬਾਅਦ ਉਨ੍ਹਾਂ ਦੇ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਗਏ। ਜਲੰਧਰ ਇੰਪਰੂਵਮੈਂਟ ਟਰੱਸਟ (ਜੇ.ਆਈ.ਟੀ.) ਦੇ ਕਾਰਜਕਾਰੀ ਅਧਿਕਾਰੀ ਖਿਲਾਫ ਲੋਕਾਂ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਕਰਦੇ ਹੋਏ, ਜੇ.ਆਈ.ਟੀ ਦੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਘਣਸ਼ਿਆਮ ਥੋਰੀ ਨੇ ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ ਨੂੰ ਇਕ ਪੱਤਰ ਭੇਜ ਕੇ ਉਨ੍ਹਾਂ ਨੂੰ ਤੁਰੰਤ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਸੀ। ਈਓ ਪਰਮਿੰਦਰ ਸਿੰਘ ਗਿੱਲ ਵਿਰੁੱਧ ਆਪਣੀ ਸ਼ਿਕਾਇਤ ਵਿੱਚ, ਥੋਰੀ ਨੇ ਕਿਹਾ ਸੀ ਕਿ ਮੈਂ 31 ਮਾਰਚ ਨੂੰ ਜੇਆਈਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਸੀ। ਜਦੋਂ ਮੈਂ ਦਫ਼ਤਰ ਜਾ ਰਿਹਾ ਸੀ ਤਾਂ ਬਹੁਤ ਸਾਰੇ ਬਿਨੈਕਾਰ ਇਹ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਨੂੰ ਈਓ ਅਤੇ ਸਟਾਫ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦਫਤਰ ਦੇ ਸੀਨੀਅਰ ਸਹਾਇਕ ਅਮਰਜੀਤ ਸਿੰਘ ਨੇ ਮੈਨੂੰ ਦੱਸਿਆ ਕਿ ਨਗਰ ਨਿਗਮ ਦੇ ਕੌਂਸਲਰ ਨੇ ਰਿਸ਼ੀ ਨਗਰ ਸਥਿਤ ਜੇ.ਆਈ.ਟੀ. ਦੇ ਰਾਖਵੇਂ ਪਲਾਟ 'ਤੇ ਕਬਜ਼ਾ ਕਰ ਲਿਆ ਹੈ ਅਤੇ ਉਸਾਰੀ ਵੀ ਕੀਤੀ ਹੈ। ਜਦੋਂ ਇਸ ਮਾਮਲੇ ਬਾਰੇ ਈਓ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਥੋਰੀ ਨੇ ਇਹ ਵੀ ਕਿਹਾ ਸੀ ਕਿ ਜਦੋਂ ਉਨ੍ਹਾਂ ਨੇ ਈਓ ਨੂੰ ਵੱਖ-ਵੱਖ ਸਕੀਮਾਂ, ਸਟਾਫ ਦੀ ਸਥਿਤੀ ਅਤੇ ਰਿਕਵਰੀ/ਦੇਣਦਾਰੀਆਂ ਦੀਆਂ ਕੁਝ ਫਾਈਲਾਂ ਆਪਣੇ ਦਫ਼ਤਰ ਵਿੱਚ ਰੱਖਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਇਹ ਫਾਈਲਾਂ ਜੇਆਈਟੀ ਦੇ ਸਾਬਕਾ ਚੇਅਰਪਰਸਨ ਕੋਲ ਪਈਆਂ ਹਨ। ਇਹ ਵੀ ਪੜ੍ਹੋ: ਜਲੰਧਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਸਹਾਇਕ ਖਿਲਾਫ ਐਫ.ਆਈ.ਆਰ ਦਰਜ, ਡੀਸੀ ਵੱਲੋਂ ਟਰੱਸਟ ਦੇ ਈਓ ਦੀ ਮੁਅੱਤਲੀ ਦੀ ਸਿਫਾਰਿਸ਼ ਉਨ੍ਹਾਂ ਕਿਹਾ ਕਿ ਈਓ ਨੂੰ ਇਹ ਫਾਈਲਾਂ ਉਸ ਤੋਂ ਵਾਪਸ ਲੈ ਲੈਣੀਆਂ ਚਾਹੀਦੀਆਂ ਸਨ ਜਦੋਂ ਤੋਂ ਉਨ੍ਹਾਂ ਦੀ ਨਵੇਂ ਚੇਅਰਮੈਨ ਵਜੋਂ ਨਿਯੁਕਤੀ ਬਾਰੇ ਨੋਟੀਫਿਕੇਸ਼ਨ ਆਇਆ ਸੀ। ਈਓ ਫਾਈਲਾਂ ਦੇ ਰਿਕਾਰਡ ਨੂੰ ਕਾਇਮ ਰੱਖਣ ਜਾਂ ਦਰਸ਼ਕਾਂ ਦੀਆਂ ਰੋਜ਼ਾਨਾ ਸ਼ਿਕਾਇਤਾਂ 'ਤੇ ਧਿਆਨ ਦੇਣ ਲਈ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਸੀ। -PTC News

Related Post