ਮਾਨ ਸਰਕਾਰ ਦੇ ਦਾਅਵੇ ਦੀ ਨਿਕਲੀ ਫੂਕ, ਮੂੰਗੀ ਤੋਂ ਬਾਅਦ ਮੱਕੀ ਦੀ ਫਸਲ ਰੁਲ ਰਹੀ ਹੈ ਮੰਡੀ 'ਚ

By  Pardeep Singh July 2nd 2022 01:46 PM

ਮੋਗਾ: ਪੰਜਾਬ ਸਰਕਾਰ ਵੱਲੋਂ ਜਿੱਥੇ ਮੂੰਗੀ ਦੀ ਫ਼ਸਲ ਤੇ 7275 ਦਾ MSP ਰੇਟ ਐਲਾਨਿਆ ਗਿਆ ਹੈ ਪਰ  ਸਰਕਾਰ ਵੱਲੋਂ MSP ਤੇ ਨਾ ਮਾਤਰ ਹੀ ਮੂੰਗੀ ਦੀ ਫ਼ਸਲ ਖ਼ਰੀਦੀ ਗਈ ਜਿਸ ਕਾਰਨ ਕਿਸਾਨ ਕਾਫੀ ਨਿਰਾਸ਼ਾ ਵਿਚ ਦੇਖਣ ਨੂੰ ਮਿਲ ਰਹੇ । ਕਿਸਾਨਾਂ ਨੂੰ ਆਪਣੀ ਮੂੰਗੀ ਦੀ ਫ਼ਸਲ 5000-6000 ਦੀ ਹੀ ਵੇਚਣੀ ਪਈ। ਜਿਸ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ। ਉਥੇ ਹੀ ਹੁਣ ਕਿਸਾਨ ਮੋਗਾ ਮੰਡੀ ਵਿੱਚ ਮੱਕੀ ਲੈ ਕੇ ਆਏ ਹਨ ਅਤੇ ਪਿਛਲੇ ਤਿੰਨ ਦਿਨਾਂ ਤੋਂ ਬੈਠ ਕੇ ਆਪਣੀ ਫਸਲ ਦੀ ਖ਼ਰੀਦ ਦਾ ਇੰਤਜ਼ਾਰ ਕਰ ਰਹੇ ਹਨ।
 
ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਮੀਂਹ ਹੋਣ ਕਾਰਨ ਉਨ੍ਹਾਂ ਨੂੰ ਵਾਰ-ਵਾਰ ਮੰਡੀ ਵਿੱਚ ਮੱਕੀ ਖਿਲਾਰ ਕੇ ਸੁਕਾਉਣੀ ਪੈ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਲੇਬਰ ਵੀ ਵੱਧ ਪੈ ਰਹੀ ਹੈ।  ਕਿਸਾਨਾਂ ਦਾ ਕਹਿਣਾ ਹੈ ਕਿ ਪਿੱਛਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਤੋਂ ਵੀ ਮਾੜੀ ਨਿਕਲੀ ਹੈ ਕਿਉਂਕਿ ਸਰਕਾਰ ਨੇ ਜੋ ਵਾਅਦੇ ਕੀਤੇ ਹਨ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰਾਂ ਕਹਿ ਰਹੀਆਂ ਹਨ ਝੋਨੇ ਅਤੇ ਕਣਕ ਦੀ ਫਸਲ ਤੋਂ ਬਾਹਰ ਨਿਕਲ ਫਸਲੀ ਬਦਲਾਅ ਲਿਆਉਣ ਉੱਤੇ ਪੂਰਾ ਮੁੱਲ ਦਿੱਤਾ ਜਾਵੇਗਾ ਪਰ  ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।
ਉਧਰ ਦੂਸਰੇ ਪਾਸੇ ਜਦੋਂ ਮੱਕੀ ਦੀ ਫਸਲ ਬਾਰੇ ਆੜ੍ਹਤੀਏ ਹਤੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਅਨੁਸਾਰ ਮੱਕੀ 1979 ਰੁਪਏ ਦੇ ਕਰੀਬ ਖਰੀਦੀ ਜਾਣੀ ਚਾਹੀਦੀ ਹੈ ਪਰ ਮੱਕੀ ਵਪਾਰੀਆਂ ਵੱਲੋ 1500ਤੋ1600 ਰੁਪਏ ਦੇ ਕਰੀਬ ਹੀ ਖਰੀਦੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੂੰਗੀ ਦੀ ਫ਼ਸਲ ਤੇ ਐੱਮਐੱਸਪੀ ਰੇਟ 2275 ਰੁਪਏ ਐਲਾਨਿਆ ਸੀ ਜਦੋਂ ਕਿ 2275 ਰੇਟ ਉੱਪਰ 60 ਹਜ਼ਾਰ ਗੱਟੇ ਮਗਰ  ਸਿਰਫ਼ 2000 ਗੱਟਾ ਹੀ ਖਰੀਦ ਕੀਤੀ ਹੈ।
ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਕੀ ਨੂੰ ਸੁਕਾ ਕੇ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਮੱਕੀ ਵੇਚਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਤੇ ਹਿਤੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ ਇਸ ਨੇ ਜੋ ਵੀ ਕਿਸਾਨ ਆੜ੍ਹਤੀਆਂ ਨਾਲ ਬਾਰੇ ਕੀਤੇ ਹਨ ਉਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ।
-PTC News

Related Post