ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਹੁਣ ਹਿਮਾਚਲ ਉਤੇ ਹਨ। ਹਿਮਾਚਲ ਵਿੱਚ ਆਮ ਆਦਮੀ ਪਾਰਟੀ ਨੇ ਸਿਆਸੀ ਸਰਗਰਮੀ ਤੇਜ਼ ਕਰ ਦਿੱਤੀ ਹੈ ਤੇ ਐਲਾਨ ਕੀਤਾ ਕਿ ਹਿਮਾਚਲ ਵਿੱਚ ਆਮ ਆਦਮੀ ਪਾਰਟੀ ਸਿਆਸੀ ਪਾਰੀ ਆਗਾਜ਼ ਕਰੇਗੀ। ਦਿੱਲੀ ਦੇ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਨੇ ਸ਼ਿਮਲਾ 'ਚ ਵਰਕਰਾਂ ਨਾਲ ਰੋਡ ਸ਼ੋਅ ਕੀਤਾ ਅਤੇ ਜਸ਼ਨ ਮਨਾਇਆ ਹੈ। ਸਤੇਂਦਰ ਜੈਨ ਦਾ ਨਿੱਘਾ ਸਵਾਗਤ ਕੀਤਾ ਗਿਆ। ਸਤੇਂਦਰ ਜੈਨ ਨੇ ਸ਼ਿਮਲਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਲਈ ਤੀਜਾ ਬਦਲ ਬਣੇਗੀ। ਸ਼ਿਮਲਾ 'ਚ ਪ੍ਰੈੱਸ ਕਾਨਫਰੰਸ ਦੌਰਾਨ ਸਤੇਂਦਰ ਜੈਨ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ, ਉਸੇ ਤਰ੍ਹਾਂ 'ਆਪ' ਹਿਮਾਚਲ 'ਚ ਵੀ ਚੋਣ ਲੜਨ ਜਾ ਰਹੀ ਹੈ ਅਤੇ ਵੀ ਚੰਗਾ ਪ੍ਰਦਰਸ਼ਨ ਕਰੇਗੀ। ਜੈਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਲੋਕਾਂ ਦਾ ਸਹਿਯੋਗ ਮਿਲਿਆ ਹੈ। ਇਸ ਨਾਲ ਆਮ ਆਦਮੀ ਪਾਰਟੀ ਦਾ ਉਤਸ਼ਾਹ ਵਧਿਆ ਹੈ। ਹੁਣ 'ਆਪ' ਹਿਮਾਚਲ ਦੀਆਂ ਸਾਰੀਆਂ 68 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੇਗੀ। ਹਿਮਾਚਲ 'ਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਭਾਜਪਾ ਨਾਲ ਹੋਵੇਗਾ ਅਤੇ ਆਮ ਆਦਮੀ ਪਾਰਟੀ ਭਾਜਪਾ ਨੂੰ ਹਰਾਉਣ ਦਾ ਮੰਤਰ ਜਾਣਦੀ ਹੈ। ਜੈਨ ਨੇ ਕਿਹਾ ਕਿ ਹਿਮਾਚਲ ਵਿੱਚ ਕਾਂਗਰਸ ਅਤੇ ਭਾਜਪਾ ਸਰਕਾਰਾਂ ਤੋਂ ਲੋਕ ਨਾਖੁਸ਼ ਹਨ ਅਤੇ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਨੂੰ ਤੀਜਾ ਬਦਲ ਦੇਣ ਜਾ ਰਹੀ ਹੈ ਅਤੇ ਦਿੱਲੀ ਮਾਡਲ ਹਿਮਾਚਲ ਵਿੱਚ ਵੀ ਲਾਗੂ ਕੀਤਾ ਜਾਵੇਗਾ। ਹਿਮਾਚਲ 'ਚ ਵੀ ਸਿੱਖਿਆ ਤੇ ਸਿਹਤ ਮੁਫ਼ਤ ਕਰੇਗੀ। ਸ਼ਿਮਲਾ ਨਗਰ ਨਿਗਮ ਦੀਆਂ ਚੋਣਾਂ ਵੀ ਲੜਨਗੇ ਅਤੇ ਇਸ ਤੋਂ ਪਹਿਲਾਂ ਨਿਗਮ ਚੋਣਾਂ ਵੀ ਲੜ ਚੁੱਕੇ ਹਨ। ਜੈਨ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਿਮਾਚਲ ਆਉਣਗੇ ਅਤੇ ਚੋਣ ਪ੍ਰਚਾਰ ਵੇਲੇ ਵੀ ਇਥੇ ਆਉਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਦੇ ਵੱਡੇ ਆਗੂ ਆਮ ਆਦਮੀ ਦੇ ਸੰਪਰਕ ਵਿੱਚ ਹਨ ਅਤੇ ਜਲਦੀ ਹੀ ਪਾਰਟੀ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਾਰੀਆਂ 68 ਸੀਟਾਂ ਉਤੇ ਚੋਣ ਲੜਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਅੰਤ ਵਿੱਚ ਹੋਣੀਆਂ ਹਨ। ਇਹ ਵੀ ਪੜ੍ਹੋ : ਕਿਸੇ ਵੀ ਧਰਮ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਭਗਵੰਤ ਸਿੰਘ ਮਾਨ