'ਆਪ' ਆਗੂ ਨੇ 'ਆਪ' ਦੇ ਹੀ ਵਿਧਾਇਕ ਦੇ ਪੀਏ ਉੱਤੇ ਰਿਸ਼ਵਤ ਮੰਗਣ ਦੇ ਲਾਏ ਦੋਸ਼

By  Jasmeet Singh August 4th 2022 11:30 AM -- Updated: August 4th 2022 03:59 PM

ਚੰਡੀਗੜ੍ਹ, 4 ਅਗਸਤ: ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਪਾਰ ਮੰਡਲ ਦੇ ਸੰਯੁਕਤ ਸਕੱਤਰ ਵਿਕਰਮ ਧਵਨ ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਦੇ ਪੀਏ 'ਤੇ ਚੌਂਕੀ ਇੰਚਾਰਜ ਤੋਂ ਰਿਸ਼ਵਤ ਮੰਗਣ ਦੇ ਦੋਸ਼ ਲਾਏ ਹਨ। ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਸ਼ਿਕਾਇਤ ਕੀਤੀ। ਵਿਕਰਮ ਧਵਨ ਵਾਸੀ ਵਾਰਡ ਨੰ-4 ਬਲਟਾਣਾ ਨੇ ਦੋਸ਼ ਲਾਇਆ ਕਿ ਜਦੋਂ ਬਰਮਾ ਸਿੰਘ ਬਲਟਾਣਾ ਚੌਂਕੀ ਇੰਚਾਰਜ ਸੀ ਤਾਂ ਉਨ੍ਹਾਂ ਦਾ ਇੱਕ ਕੇਸ ਥਾਣੇ ਵਿੱਚ ਚੱਲ ਰਿਹਾ ਸੀ। ਇਸ ਦੌਰਾਨ ਬਰਮਾ ਸਿੰਘ ਦੀ ਅਚਾਨਕ ਚੌਂਕੀ ਇੰਚਾਰਜ ਤੋਂ ਹਟਾ ਕੇ ਜ਼ੀਰਕਪੁਰ ਥਾਣੇ ਵਿੱਚ ਬਦਲੀ ਕਰ ਦਿੱਤੀ ਗਈ। ਜਦੋਂ ਵਿਕਰਮ ਨੇ ਬਰਮਾ ਸਿੰਘ ਨੂੰ ਆਪਣੇ ਕੇਸ ਦੀ ਜਾਣਕਾਰੀ ਲੈਣ ਸਬੰਧੀ ਫੋਨ ਕੀਤਾ ਤਾਂ ਉਨ੍ਹਾਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਹੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਪੀਏ ਨਿਤਿਨ ਲੂਥਰਾ ਨੇ ਇੱਕ ਲੱਖ ਰੁਪਏ ਰਿਸ਼ਵਤ ਮੰਗੀ ਸੀ ਅਤੇ ਜਦੋਂ ਉਹ ਪੈਸੇ ਨਾ ਦੇ ਸਕਿਆ ਤਾਂ ਉਸਦਾ ਤਬਾਦਲਾ ਕਰਵਾ ਦਿੱਤਾ ਗਿਆ। ਵਿਕਰਮ ਨੇ ਕਿਹਾ ਕਿ ਇਸ ਗੱਲਬਾਤ ਦੀ ਆਡੀਓ ਰਿਕਾਰਡਿੰਗ ਉਸ ਕੋਲ ਮੌਜੂਦ ਹੈ, ਜੋ ਉਸ ਨੇ ਸਬੂਤ ਵੱਜੋਂ ਆਪਣੀ ਸ਼ਿਕਾਇਤ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਹੈ। ਵਿਕਰਮ ਇਹ ਵੀ ਦਾਅਵਾ ਕਰ ਰਹੇ ਨੇ ਕਿ ਉਨ੍ਹਾਂ ਕੋਲ ਇਸ ਇਲਜ਼ਾਮ ਨਾਲ ਸਬੰਧਤ ਹੋਰ ਦਸਤਾਵੇਜ਼ ਵੀ ਮੌਜੂਦ ਹਨ, ਜੋ ਉਹ ਸਮਾਂ ਆਉਣ ’ਤੇ ਦਿਖਾਣਗੇ। ਦੱਸਣਯੋਗ ਹੈ ਕਿ ਇਹ ਆਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਵਿਕਰਮ ਧਵਨ ਨੇ ਕਿਹਾ ਕਿ ਇਸਤੋਂ ਬਾਅਦ ਜੇ ਉਨ੍ਹਾਂ 'ਤੇ ਹਮਲਾ ਹੁੰਦਾ ਜਾਂ ਕੋਈ ਕਾਰਵਾਈ ਹੁੰਦੀ ਹੈ ਤਾਂ ਉਸਦੇ ਜ਼ਿੰਮੇਵਾਰ ਡੇਰਾਬੱਸੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਹੀ ਹੋਣਗੇ। ਉਥੇ ਹੀ ਦੂਜੇ ਪਾਸੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਪੀਏ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਬਾਰੇ ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਦੋਸ਼ ਬਿਲਕੁਲ ਬੇਬੁਨਿਆਦੀ ਹਨ। ਉਨ੍ਹਾਂ ਕਿਹਾ ਆਕੀ ਕਿਸੇ ਸਾਜ਼ਿਸ਼ ਤਹਿਤ ਇਹ ਦੋਸ਼ ਲਾਏ ਗਏ ਹਨ। ਰੰਧਾਵਾ ਦਾ ਕਹਿਣਾ ਕਿ ਜੇਕਰ ਇਹ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਉਹ ਖੁਦ ਆਪਣੇ ਪੀਏ ਖਿਲਾਫ ਸਖਤ ਕਾਰਵਾਈ ਕਰਨਗੇ। ਜੇਕਰ ਇਹ ਸਾਬਤ ਨਹੀਂ ਹੋਇਆ ਤਾਂ ਉਨ੍ਹਾਂ ਕਿਹਾ ਕਿ "ਮੈਂ ਵਿਕਰਮ ਧਵਨ ਦੇ ਖਿਲਾਫ ਵੀ ਪਰਚਾ ਦਰਜ ਕਰਾਵਾਂਗਾ ਅਤੇ ਉਸਦੇ ਪਿੱਛੇ ਜੋ ਤਾਕਤਾਂ ਨੇ ਉਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।" -PTC News

Related Post