ਨਵੀਂ ਦਿੱਲੀ [ਭਾਰਤ], 14 ਮਾਰਚ: ਪੰਜਾਬ ਦੇ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਦੇ ਦਾਅਵਿਆਂ ਕਿ ਆਦਮੀ ਪਾਰਟੀ ਕੋਲ ਸਰਹੱਦੀ ਰਾਜ ਪੰਜਾਬ ਨੂੰ ਚਲਾਉਣ ਲਈ ਤਜ਼ਰਬੇ ਦੀ ਘਾਟ ਹੈ 'ਤੇ ਚਾਨਣਾ ਪਾਇਆ ਹੈ। ਮਾਨ ਨੇ ਕਿਹਾ "ਸਾਨੂੰ ਪਤਾ ਹੈ ਕਿ ਪ੍ਰਸ਼ਾਸਨ ਕਿਵੇਂ ਚਲਾਉਣਾ ਹੈ। ਮੈਂ ਸੱਤ ਸਾਲਾਂ ਤੋਂ ਇਸ (ਲੋਕ ਸਭਾ) ਸਦਨ ਦਾ ਮੈਂਬਰ ਰਿਹਾ ਹਾਂ। ਲੋਕਾਂ ਨੇ ਦਿੱਲੀ ਵਿੱਚ ਸਾਡੀ ਸਰਕਾਰ ਨੂੰ ਦੁਬਾਰਾ ਚੁਣਿਆ ਹੈ। ਸਾਡੇ ਕੋਲ ਤਜਰਬਾ ਹੈ।" ਇਹ ਵੀ ਪੜ੍ਹੋ: ਪਟਵਾਰੀਆਂ ਤੇ ਕਾਨੂੰਨਗੋ ਨੂੰ ਦਿੱਤੇ ਜਾਣਗੇ ਨਵੇਂ ਲੈਪਟਾਪ ਉਨ੍ਹਾਂ ਅੱਗੇ ਕਿਹਾ "ਬਹੁਤ ਸਾਰੇ ਦਿੱਗਜ ਸਿਆਸਤਦਾਨ ਚੋਣਾਂ ਹਾਰ ਗਏ ਹਨ ਅਤੇ ਨਵੇਂ ਲੋਕ ਜਿੱਤੇ ਹਨ। ਮੈਨੂੰ ਯਕੀਨ ਹੈ ਕਿ ਰਾਜ ਵਿੱਚ ਨਵੇਂ ਵਿਚਾਰ ਆਉਣਗੇ। ਇਸ ਸਰਕਾਰ ਵਿੱਚ ਬਾਹਰੀ ਸੋਚ ਹੋਵੇਗੀ।" ਸੰਗਰੂਰ ਤੋਂ ਸੰਸਦ ਮੈਂਬਰ ਮਾਨ ਵੱਲੋਂ ਸੋਮਵਾਰ ਨੂੰ ਸਪੀਕਰ ਓਮ ਬਿਰਲਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਜਾਵੇਗਾ। ਸੰਸਦ ਮੈਂਬਰ ਦੇ ਤੌਰ 'ਤੇ ਸਦਨ ਵਿੱਚ ਆਪਣੇ ਆਖਰੀ ਦਿਨ ਮਾਨ ਨੇ ਕਿਹਾ "ਮੈਂ ਇਸ ਸਦਨ ਨੂੰ ਯਾਦ ਕਰਾਂਗਾ। ਪੰਜਾਬ ਨੇ ਮੈਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਮੈਂ ਸੰਗਰੂਰ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਜਲਦੀ ਹੀ ਇਸ ਸਦਨ ਵਿੱਚ ਉਨ੍ਹਾਂ ਲਈ ਇੱਕ ਦਲੇਰ ਆਵਾਜ਼ ਗੂੰਜੇਗੀ।" ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਸੁਝਾਵਾਂ ਨੂੰ ਨਕਾਰਦਿਆਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ 'ਸੁਪਰ ਸੀਐਮ' ਹੋਣਗੇ, ਮਾਨ ਨੇ ਕਿਹਾ ਕਿ ਅਸੀਂ ਹਰ ਜਗ੍ਹਾ ਤੋਂ ਸੇਧ ਲਵਾਂਗੇ। ਮਾਨ ਨੇ ਕਿਹਾ "ਅਸੀਂ ਦਿੱਲੀ ਤੋਂ ਸੇਧ ਲਵਾਂਗੇ ਅਤੇ ਦਿੱਲੀ ਵੀ ਪੰਜਾਬ ਤੋਂ ਸੇਧ ਲਵੇਗੀ। ਜੇਕਰ ਦੂਜੇ ਰਾਜਾਂ ਵਿੱਚ ਕੁਝ ਚੰਗਾ ਹੋ ਰਿਹਾ ਹੈ ਤਾਂ ਅਸੀਂ ਉਥੋਂ ਵੀ ਸੇਧ ਲਵਾਂਗੇ।" ਪੰਜਾਬ ਵਿਧਾਨ ਸਭਾ ਚੋਣਾਂ 'ਚ 'ਆਪ' ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਰਹੇ ਮਾਨ 16 ਮਾਰਚ ਨੂੰ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕਣਗੇ। ਜ਼ਿਕਰਯੋਗ ਹੈ ਕਿ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਹੈ। ਇਹ ਵੀ ਪੜ੍ਹੋ: PSEB ਦੀ ਪੰਜਵੀਂ ਕਲਾਸ ਦੇ ਟਰਮ-2 ਦੇ ਪੇਪਰ ਮੁਲਤਵੀ, ਜਾਣੋ ਕਿਹੜੇ ਪੇਪਰ ਹੋਏ ਮੁਲਤਵੀ ਮਾਨ ਜੋ ਸੰਗਰੂਰ ਜ਼ਿਲ੍ਹੇ ਦੇ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਸਨ, ਨੇ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਫਰਕ ਨਾਲ ਹਰਾਇਆ। 'ਆਪ' ਨੇ ਪੰਜਾਬ ਚੋਣਾਂ 'ਚ 92 ਸੀਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਜਿਸ ਨਾਲ ਉਸ ਦੇ ਜ਼ਿਆਦਾਤਰ ਵਿਰੋਧੀਆਂ ਨੂੰ ਹਾਸ਼ੀਏ 'ਤੇ ਧੱਕ ਦਿੱਤਾ ਗਿਆ। 117 ਮੈਂਬਰੀ ਵਿਧਾਨ ਸਭਾ ਵਿੱਚ ਕਾਂਗਰਸ ਨੇ 18 ਸੀਟਾਂ ਜਿੱਤੀਆਂ ਹਨ। - ਏ.ਐਨ.ਆਈ ਦੇ ਸਹਿਯੋਗ ਨਾਲ -PTC News