ਬੇਅਦਬੀ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਸਜ਼ਾ ਨੂੰ ਲੈ ਕੇ 'ਆਪ' ਤੇ ਭਾਜਪਾ 'ਚ ਸ਼ਬਦੀ ਜੰਗ ਸ਼ੁਰੂ
ਚੰਡੀਗੜ੍ਹ : ਬੀਤੇ ਦਿਨੀਂ ਬੇਅਦਬੀ ਦੇ ਮਾਮਲੇ ਵਿੱਚ ਮੋਗਾ ਅਦਾਲਤ ਵੱਲੋਂ ਤਿੰਨ ਮੁਲਜ਼ਮਾਂ ਨੂੰ ਤਿੰਨ ਸਾਲ ਦੀ ਸਜ਼ਾ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਮਨਜਿੰਦਰ ਸਿਰਸਾ ਤੇ ਆਮ ਆਦਮੀ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਕੰਗ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ।
'ਆਪ' ਆਗੂ ਕੰਗ ਨੇ ਟਵੀਟ ਕਰ ਕੇ ਕਿਹਾ ਕਿ ਜਾਅਲੀ ਖ਼ਬਰਾਂ ਫੈਲਾਉਣੀਆਂ ਬੰਦ ਕਰ ਦਵੋ। ਮਾਲਵਿੰਦਰ ਕੰਗ ਨੇ ਕਿਹਾ ਧਾਰਾ 295 ਤਹਿਤ ਵੱਧ ਤੋਂ ਵੱਧ ਸਜ਼ਾ ਤਿੰਨ ਸਾਲ ਹੈ, ਪੰਜਾਬ ਸਰਕਾਰ ਨੇ ਬੇਅਦਬੀ ਦੇ ਮਾਮਲਿਆਂ ਲਈ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਧਾਰਾ 295AA ਲਾਗੂ ਕਰਨ ਦਾ ਪ੍ਰਸਤਾਵ ਭੇਜਿਆ ਸੀ। ਕੇਂਦਰ ਸਰਕਾਰ ਨੇ ਕੋਈ ਜਵਾਬ ਜਾਂ ਮਨਜ਼ੂਰੀ ਨਹੀਂ ਦਿੱਤੀ ਹੈ। ਜਾਅਲੀ ਖ਼ਬਰਾਂ ਫੈਲਾਉਣਾ ਬੰਦ ਕਰੋ।
ਕਾਬਿਲੇਗੌਰ ਹੈ ਕਿ ਮੋਗਾ ਦੀ ਅਦਾਲਤ ਨੇ 2015 'ਚ ਪਿੰਡ ਮੱਲਕੇ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੇ ਤਿੰਨ ਪੈਰੋਕਾਰਾਂ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਾਹੁਲ ਗਰਗ ਦੀ ਅਦਾਲਤ ਨੇ ਸਿਰਸਾ ਸਥਿਤ ਡੇਰੇ ਦੀ ਸੂਬਾ ਕਮੇਟੀ ਦੇ ਮੈਂਬਰ ਬਾਘਾਪੁਰਾਣਾ ਦੇ ਰਹਿਣ ਵਾਲੇ ਪ੍ਰਿਥਵੀ ਸਿੰਘ ਤੇ ਪਿੰਡ ਮੱਲਕੇ ਦੇ ਪੈਰੋਕਾਰ ਮਿੱਠੂ ਸਿੰਘ ਮਾਨ ਤੇ ਅਮਰਦੀਪ ਸਿੰਘ ਨੂੰ 5-5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ।