ਖਾਮੋਸ਼ ਹੋਈ ਗੋਰਿਆਂ ਨੂੰ ਨੱਚਣ ਲਈ ਮਜਬੂਰ ਕਰ ਦੇਣ ਵਾਲੀ ਆਵਾਜ਼
ਚੰਡੀਗੜ੍ਹ : ਆਪਣੇ ਗੀਤਾਂ ਰਾਹੀਂ ਗੋਰਿਆਂ ਨੂੰ ਵੀ ਨੱਚਣ ਲਈ ਮਜਬੂਰ ਕਰ ਦੇਣ ਵਾਲੇ ਆਲਮੀ ਪ੍ਰਸਿੱਧੀ ਵਾਲੇ ਮਕਬੂਲ ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਆਪਣੀ ਜ਼ਿੰਦਗੀ ਦਾ ਸਫ਼ਰ ਮੁਕਾ ਗਏ। ਪ੍ਰਸਿੱਧ ਭੰਗੜਾ ਗਾਇਕ ਬਲਵਿੰਦਰ ਸਫਰੀ 63 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਪੰਜਾਬ ਦੇ ਜੰਮਪਲ ਬਲਵਿੰਦਰ ਸਫ਼ਰੀ ਪਿਛਲੇ ਲੰਮੇ ਸਮੇਂ ਤੋਂ ਬਰਮਿੰਘਮ (ਯੂਕੇ) ਵਿਖੇ ਰਹਿ ਰਹੇ ਸਨ। ਉਨ੍ਹਾਂ ਨੂੰ ਸਫ਼ਰੀ ਬ੍ਰਦਰਜ਼ ਦੇ ਨਾਂ ਨਾਲ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਸਿਹਤ ਕਾਫ਼ੀ ਖਰਾਬ ਹੋ ਗਈ ਸੀ ਤੇ ਉਹ ਕੌਮਾ ਵਿੱਚ ਚਲੇ ਗਏ ਸਨ।
ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਉਨ੍ਹਾਂ ਦੇ ਮਕਬੂਲ ਗੀਤਾਂ ਵਿਚ 'ਮੈਨੂੰ ਪਾਰ ਲੰਘਾ ਦੇ ਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ', 'ਰਾਹੇ ਰਾਹੇ ਜਾਣ ਵਾਲੀਏ', 'ਅੰਬਰਾਂ ਤੋਂ ਆਈ ਹੋਈ ਹੂਰ ਲੱਗਦੀ' ਸ਼ਾਮਲ ਹਨ। ਬਲਵਿੰਦਰ ਸਫ਼ਰੀ ਨੇ 1990 ਵਿੱਚ ਸਫ਼ਰੀ ਬੁਆਏਜ਼ ਬੈਂਡ ਵੀ ਸਥਾਪਤ ਕੀਤਾ ਸੀ। ਉਹ ਪੰਜਾਬੀ ਗਾਇਕੀ ਰਾਹੀਂ ਗੋਰਿਆਂ ਨੂੰ ਵੀ ਨੱਚਣ ਲਈ ਮਜਬੂਰ ਕਰ ਦਿੰਦੇ ਸਨ।
20 ਅਪ੍ਰੈਲ 2022 ਨੂੰ ਬਲਵਿੰਦਰ ਨੂੰ ਦਿਲ ਦੀ ਤਕਲੀਫ਼ ਕਾਰਨ ਹਸਪਤਾਲ ਲਿਆਂਦਾ ਗਿਆ।
ਬਰਮਿੰਘਮ ਵਾਸੀ ਸਫ਼ਰੀ ਨੂੰ ਵੁਲਵਰਹੈਂਪਟਨ ਦੇ ਨਿਊ ਕਰਾਸ ਹਸਪਤਾਲ ਲਿਆਂਦਾ ਗਿਆ ਸੀ। ਦੋ ਦਿਨ ਬਾਅਦ ਉਨ੍ਹਾਂ ਦਾ ਯੋਜਨਾਬੱਧ ਟ੍ਰਿਪਲ ਕਾਰਡਿਅਕ ਬਾਈਪਾਸ ਹੋਇਆ ਸੀ ਪਰ ਹੋਰ ਕਈ ਸਰੀਰਕ ਮੁਸ਼ਕਲਾਂ ਕਾਰਨ ਉਨ੍ਹਾਂ ਦੀ ਇਕ ਹੋਰ ਸਰਜਰੀ ਕਰਨੀ ਪਈ। ਬਲਵਿੰਦਰ ਸਫ਼ਰੀ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ ਸੀ ਤੇ ਉਹ ਕੌਮਾ ਵਿੱਚ ਚਲੇ ਗਏ ਸਨ। ਇਥੋਂ ਰਿਲੀਜ਼ ਕਰਨ ਮਗਰੋਂ ਇੱਕ ਮੁੜ ਵਸੇਬਾ ਕੇਂਦਰ ਵਿੱਚ ਉਨ੍ਹਾਂ ਨੂੰ ਜ਼ੇਰੇ ਇਲਾਜ ਰੱਖਿਆ ਗਿਆ ਸੀ। ਇਸ ਵਿਚਕਾਰ ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ।