ਪੰਜਾਬ ਦਾ ਇੱਕ ਇਹੋ ਜਿਹਾ ਪਿੰਡ ਜਿੱਥੇ ਮਰਨ ਤੋਂ ਬਆਦ ਵੀ ਇਕੱਠੇ ਨਹੀਂ ਰਹਿਣਾ ਚਾਹੁੰਦੇ ਲੋਕ

By  Jasmeet Singh July 7th 2022 01:01 PM

ਨਰਿੰਦਰ ਸਿੰਘ, (ਪੱਟੀ, 7 ਜੁਲਾਈ): ਪੰਜਾਬ ਦੀ ਮਾਨ ਸਰਕਾਰ ਵੱਲੋਂ ਪਿੰਡਾਂ ਦੇ ਵਿਚੋਂ ਜਾਤੀਵਾਦ ਨੂੰ ਖਤਮ ਕਰਨ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸੀ ਜਿਸ ਦੇ ਤਹਿਤ ਇਹ ਐਲਾਨ ਕੀਤਾ ਗਿਆ ਕਿ ਜਿਸ ਪਿੰਡ ਦੇ ਵਿੱਚ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਹੀ ਸ਼ਮਸ਼ਾਨਘਾਟ ਦਾ ਨਿਰਮਾਣ ਕੀਤਾ ਜਾਵੇਗਾ ਉਸ ਪਿੰਡ ਦੇ ਵਿਕਾਸ ਲਈ ਸਰਕਾਰ ਪੰਜ ਲੱਖ ਰੁਪਏ ਦੇਵੇਗੀ। ਇਹ ਵੀ ਪੜ੍ਹੋ: ਅਦਾਕਾਰ ਸਲਮਾਨ ਖਾਨ ਦੇ ਵਕੀਲ ਨੂੰ ਚਿੱਠੀ ਰਾਹੀਂ ਜਾਨੋਂ ਮਾਰਨ ਦੀ ਮਿਲੀ ਧਮਕੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਕੁੱਝ ਪਿੰਡਾਂ 'ਤੇ ਅਸਰ ਹੋਇਆ ਤੇ ਉਨ੍ਹਾਂ ਪਿੰਡਾਂ ਦੇ ਵਿੱਚ ਇੱਕ ਸ਼ਮਸ਼ਾਨਘਾਟ ਕਰ ਦਿੱਤਾ ਗਿਆ, ਪਰ ਪੰਜਾਬ ਦੇ ਬਹੁਤਾਤ ਗਿਣਤੀ ਪਿੰਡਾਂ ਦੇ ਵਿੱਚ ਅਜੇ ਵੀ ਦੋ ਜਾਂ ਇਸ ਤੋਂ ਵੱਧ ਸ਼ਮਸ਼ਾਨਘਾਟ ਬਣੇ ਹੋਏ ਹਨ। ਪਰ ਜ਼ਿਲ੍ਹਾ ਤਰਨਤਾਰਨ ਦੇ ਇਕ ਪਿੰਡ ਵਿਚ ਇਕ ਅਜਿਹੀ ਉਦਾਹਰਣ ਸਾਹਮਣੇ ਆਈ ਹੈ ਜਿੱਥੇ ਇਕੋ ਪਿੰਡ ਵਿਚ 12 ਸ਼ਮਸ਼ਾਨਘਾਟ ਬਣੇ ਹੋਏ ਹਨ। ਅਸੀਂ ਗੱਲ ਕਰ ਰਹੇ ਹਾਂ ਤਰਨਤਾਰਨ ਦੇ ਇਲਾਕੇ ਪੱਟੀ ਦੇ ਨਾਲ ਲੱਗਦੇ ਪਿੰਡ ਸਭਰਾਂ ਦੀ ਜਿੱਥੇ ਕਿ ਇਕ ਦੋ ਤਿਨ ਨਹੀਂ ਪੂਰੇ 12 ਸ਼ਮਸ਼ਾਨਘਾਟ ਹਨ। ਜਦੋਂ ਪੱਤਰਕਾਰਾਂ ਦੀ ਟੀਮ ਇਸ ਪਿੰਡ ਵਿਚ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ ਜਿਸ ਦੇ ਤਹਿਤ ਹਰ ਇੱਕ ਪਿੰਡ ਵਿੱਚ ਇੱਕ ਸ਼ਮਸ਼ਾਨਘਾਟ ਕਰ ਦੇਣ ਦੀ ਗੱਲ ਆਖੀ ਗਈ ਹੈ। ਪਰ ਉਨ੍ਹਾਂ ਦੇ ਪਿੰਡ ਵਿੱਚ ਜਾਤੀਵਾਦ ਇਸ ਕਦਰ ਭਰਿਆ ਹੋਇਆ ਹੈ ਕਿ ਪਿੰਡ ਦੇ ਵਿੱਚ ਸ਼ਮਸ਼ਾਨਘਾਟਾਂ ਦੀ ਗਿਣਤੀ 12 ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿੱਚ ਮੌਜੂਦ ਹਰੇਕ ਜਾਤ ਮਜ਼ਹਬ ਦਾ ਆਪਣਾ ਸ਼ਮਸ਼ਾਨਘਾਟ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਬਹੁਤ ਵੱਡਾ ਸ਼ਮਸ਼ਾਨ ਘਾਟ ਸੀ। ਜਿਸ ਨੂੰ ਜਾਤਾਂ ਦੇ ਆਧਾਰ ਤੇ ਵੰਡ ਕੇ ਬਾਰਾਂ ਹਿੱਸਿਆਂ ਦੇ ਵਿੱਚ ਤਕਸੀਮ ਕਰ ਦਿੱਤਾ ਗਿਆ। ਇਹ ਵੀ ਪੜ੍ਹੋ: ਵਿਆਹ ਲਈ ਤਿਆਰ CM ਮਾਨ ਦੀ ਪਹਿਲੀ ਤਸਵੀਰ ਆਈ ਸਾਹਮਣੇ ਉਨ੍ਹਾਂ ਕਿਹਾ ਕਿ ਉਹ ਤਾਂ ਚਾਹੁੰਦੇ ਹਨ ਕਿ ਪਿੰਡ ਦੇ ਵਿਚ ਇਕ ਸ਼ਮਸ਼ਾਨਘਾਟ ਹੋਵੇ ਪਰ ਪਿੰਡ ਦੇ ਕੁਝ ਲੋਕ ਅਜਿਹਾ ਕਰਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਸਰਕਾਰ ਅੱਗੇ ਅਪੀਲ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਮਾਮਲੇ 'ਚ ਦਖ਼ਲ ਦੇਵੇ ਅਤੇ ਪਿੰਡ ਦੇ ਵਿੱਚ ਮੁੜ ਤੋਂ ਇਕ ਸ਼ਮਸ਼ਾਨਘਾਟ ਸਥਾਪਤ ਕਰੇ। -PTC News

Related Post