ਦੁਕਾਨ 'ਚੋਂ ਸਿਗਰਟਾਂ ਚੋਰੀ ਕਰਦੇ ਚੰਡੀਗੜ੍ਹ ਪੁਲਿਸ ਮੁਲਾਜ਼ਮ ਦੀ ਵੀਡੀਓ ਹੋਈ ਵਾਇਰਲ
Chandigarh Policeman Viral video: ਚੰਡੀਗੜ੍ਹ ਪੁਲਿਸ ਦੇ ਇੱਕ ਸਬ-ਇੰਸਪੈਕਟਰ ਦੀ ਦੁਕਾਨ ਤੋਂ ਸਿਗਰਟਾਂ ਦੀਆਂ 2 ਡੱਬੀਆਂ ਚੋਰੀ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪੰਚਕੂਲਾ ਦੇ ਸੈਕਟਰ 17 ਸਥਿਤ ਰਾਜੀਵ ਕਲੋਨੀ ਦੀ ਇੱਕ ਦੁਕਾਨ ਨਾਲ ਸਬੰਧਤ ਹੈ। ਦੁਕਾਨ ਤੋਂ ਸਿਗਰਟਾਂ ਦੀਆਂ 2 ਡੱਬੀਆਂ ਚੋਰੀ ਕਰਨ ਤੋਂ ਬਾਅਦ ਸਬ-ਇੰਸਪੈਕਟਰ ਥਾਣੇ ਪਹੁੰਚਿਆ ਹੀ ਸੀ ਜਦੋਂ ਦੁਕਾਨ ਮਾਲਕ ਉਸ ਦੀ ਸ਼ਿਕਾਇਤ ਕਰਨ ਲਈ ਥਾਣੇ ਆ ਪਹੁੰਚਿਆ। ਦਰਅਸਲ ਦੁਕਾਨ ਮਾਲਕ ਨੇ ਦੇਖਿਆ ਕਿ ਉਸ ਦੀ ਦੁਕਾਨ ਦੇ ਕਾਊਂਟਰ 'ਤੇ ਰੱਖੇ ਸਿਗਰਟਾਂ ਦੇ ਦੋ ਪੈਕੇਟ ਗਾਇਬ ਸਨ। ਜਦੋਂ ਦੁਕਾਨਦਾਰ ਨੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਸਾਹਮਣੇ ਆਇਆ ਕਿ ਚੰਡੀਗੜ੍ਹ ਪੁਲਿਸ ਦੇ ਸਬ-ਇੰਸਪੈਕਟਰ ਨੇ ਉਸ ਦੀ ਦੁਕਾਨ ਤੋਂ ਸਿਗਰਟ ਚੋਰੀ ਕੀਤੀ ਹੈ ਜਿਸ ਤੋਂ ਬਾਅਦ ਸਬ-ਇੰਸਪੈਕਟਰ ਨਾਲ ਗੱਲ ਕੀਤੀ ਗਈ ਤਾਂ ਉਹ ਸਿਗਰਟ ਵਾਪਸ ਦੇਣ ਜਾਂ ਪੈਸੇ ਦੇਣ ਲਈ ਦੁਕਾਨ 'ਤੇ ਆਇਆ। ਅਜਿਹੇ 'ਚ ਉਨ੍ਹਾਂ ਦੀ ਗੱਲਬਾਤ ਸੀਸੀਟੀਵੀ ਕੈਮਰੇ 'ਚ ਵੀ ਰਿਕਾਰਡ ਹੋ ਗਈ। ਜਾਣਕਾਰੀ ਅਨੁਸਾਰ ਇਸ ਸਬ-ਇੰਸਪੈਕਟਰ ਦੀ ਡਿਊਟੀ ਚੰਡੀਗੜ੍ਹ ਦੇ ਮੌਲੀਜਾਗਰਾਂ ਥਾਣੇ ਵਿੱਚ ਹੈ। ਸੀਸੀਟੀਵੀ ਫੁਟੇਜ ਵਿੱਚ ਪੁਲਿਸ ਮੁਲਾਜ਼ਮ ਪਹਿਲਾਂ ਦੁਕਾਨ ਵਿੱਚ ਪਏ ਸਾਮਾਨ ਨੂੰ ਦੇਖਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਦੁਕਾਨ ਮਾਲਕ ਦੇ ਬਾਹਰ ਨਿਕਲਦੇ ਹੀ ਕਾਊਂਟਰ ਤੋਂ ਸਿਗਰਟਾਂ ਦੇ 2 ਪੈਕੇਟ ਚੁੱਕ ਕੇ ਆਪਣੀ ਜੇਬ ਵਿੱਚ ਪਾ ਲਏ। ਜਦੋਂ ਦੁਕਾਨਦਾਰ ਨੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਪੁਲਿਸ ਮੁਲਾਜ਼ਮ ਫੜਿਆ ਗਿਆ। ਇਹ ਵੀ ਪੜ੍ਹੋ : ਰਣਜੀਤ ਸਾਗਰ ਡੈਮ ਦੇ ਅੱਜ ਖੋਲ੍ਹੇ ਜਾਣਗੇ ਫਲੱਡ ਗੇਟ, ਲੋਕਾਂ ਨੂੰ ਹਦਾਇਤਾਂ ਜਾਰੀ ਦੁਕਾਨਦਾਰ ਨੇ ਦੱਸਿਆ ਕਿ ਉਸ ਨੇ ਮੌਲੀਜਾਗਰਾਂ ਥਾਣੇ ਦੇ ਇੰਚਾਰਜ ਨੂੰ ਵੀ ਇਸ ਪੁਲਿਸ ਮੁਲਾਜ਼ਮ ਦੀ ਹਰਕਤ ਬਾਰੇ ਸੂਚਿਤ ਕੀਤਾ। ਉਹਨਾਂ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਵੀ ਇਹ ਪੁਲਿਸ ਮੁਲਾਜ਼ਮ ਦੁਕਾਨ ਤੋਂ ਟਾਫੀਆਂ ਦਾ ਡੱਬਾ ਚੁੱਕ ਕੇ ਲੈ ਗਿਆ ਸੀ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜੇਕਰ ਦੋਸ਼ ਸਹੀ ਪਾਏ ਗਏ ਤਾਂ ਐੱਸ.ਆਈ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। (ਅਕੁਸ਼ ਮਹਾਜਨ ਦੀ ਰਿਪੋਰਟ) -PTC News