ਸ਼੍ਰੀਨਗਰ— ਭਾਰਤੀ ਫੌਜ ਨੇ ਜੰਮੂ-ਕਸ਼ਮੀਰ 'ਚ ਲਸ਼ਕਰ-ਏ-ਤੋਇਬਾ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਅੱਤਵਾਦੀ ਜੰਮੂ ਦੇ ਰਫੀਆਬਾਦ ਅਤੇ ਸੋਪੋਰ ਇਲਾਕਿਆਂ 'ਚ ਸੁਰੱਖਿਆ ਬਲਾਂ ਅਤੇ ਵੀ.ਆਈ.ਪੀਜ਼ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਗ੍ਰਿਫਤਾਰ ਲਸ਼ਕਰ ਦੇ ਅੱਤਵਾਦੀ ਦੀ ਪਛਾਣ ਹੰਦਵਾੜਾ ਨਿਵਾਸੀ ਰਿਜ਼ਵਾਨ ਸ਼ਫੀ ਲੋਨ ਵਜੋਂ ਹੋਈ ਹੈ। ਭਾਰਤੀ ਫੌਜ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਵਿਸ਼ੇਸ਼ ਖੁਫੀਆ ਸੂਚਨਾਵਾਂ 'ਤੇ ਕਾਰਵਾਈ ਕਰਦੇ ਹੋਏ, ਇਸ ਅੱਤਵਾਦੀ ਨੂੰ ਰੋਹਮਾ, ਰਫੀਆਬਾਦ ਵਿੱਚ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ ਫੜਿਆ ਗਿਆ। ਉਸ ਕੋਲੋਂ ਇੱਕ ਪਿਸਤੌਲ ਸਮੇਤ ਅਸਲਾ ਬਰਾਮਦ ਹੋਇਆ ਹੈ। ਫੌਜ ਦੀ ਤਰਫੋਂ ਕਿਹਾ ਗਿਆ ਕਿ ਇਹ ਅੱਤਵਾਦੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਲਈ ਕੰਮ ਕਰ ਰਿਹਾ ਸੀ। ਦੱਸ ਦਈਏ ਕਿ ਘਾਟੀ 'ਚ ਸੁਰੱਖਿਆ ਬਲ ਲਗਾਤਾਰ ਅੱਤਵਾਦ ਵਿਰੋਧੀ ਸਰਚ ਆਪਰੇਸ਼ਨ ਚਲਾ ਰਹੇ ਹਨ। ਇਹ ਵੀ ਪੜ੍ਹੋ: ਅੱਜ ਲੱਗ ਸਕਦੇ ਨੇ ਲੰਬੇ ਲੰਬੇ ਕੱਟ; ਸੂਬੇ ਭਰ ਦੇ ਪਲਾਂਟ ਦੇ ਕਈ ਯੂਨਿਟ ਬੰਦ 11 ਮਈ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਅਤੇ ਬਾਂਦੀਪੋਰਾ ਜ਼ਿਲਿਆਂ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਹਾਲਾਂਕਿ ਇਸ ਦੌਰਾਨ 2 ਅੱਤਵਾਦੀ ਫਰਾਰ ਹੋ ਗਏ ਸਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਮਾਰੇ ਗਏ ਅੱਤਵਾਦੀ ਕੋਲੋਂ ਇੱਕ ਏਕੇ-47 ਰਾਈਫਲ, 3 ਮੈਗਜ਼ੀਨ ਬਰਾਮਦ ਹੋਏ ਹਨ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਮੁਕਾਬਲੇ 'ਚ ਮਾਰ ਦਿੱਤਾ ਸੀ। ਮਾਰੇ ਗਏ ਦੋਵੇਂ ਅੱਤਵਾਦੀ ਪਾਕਿਸਤਾਨੀ ਸਨ ਅਤੇ ਹਾਲ ਹੀ ਵਿਚ ਸਰਹੱਦ ਪਾਰ ਤੋਂ ਕਸ਼ਮੀਰ ਘਾਟੀ ਵਿਚ ਘੁਸਪੈਠ ਕੀਤੀ ਸੀ। ਮਾਰੇ ਗਏ ਦੋ ਅੱਤਵਾਦੀਆਂ ਦੀ ਪਛਾਣ ਫੈਸਲ ਅਤੇ ਸਿਕੰਦਰ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਦੋਵੇਂ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੇ ਕਤਲ ਵਿੱਚ ਸ਼ਾਮਲ ਸਨ। ਦੱਸ ਦਈਏ ਕਿ ਬਡਗਾਮ ਜ਼ਿਲੇ ਦੀ ਚਦੂਰਾ ਤਹਿਸੀਲ 'ਚ ਮਾਲ ਅਧਿਕਾਰੀ ਦੇ ਅਹੁਦੇ 'ਤੇ ਕੰਮ ਕਰ ਰਹੇ ਰਾਹੁਲ ਭੱਟ ਦੀ 12 ਮਈ ਨੂੰ ਦਫਤਰ 'ਚ ਦਾਖਲ ਹੋ ਕੇ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। -PTC News