ਭਾਰਤ ਸਰਕਾਰ ਦੀ ਵੱਡੀ ਕਾਰਵਾਈ, 'ਵਾਰਿਸ ਪੰਜਾਬ' ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਟਵਿਟਰ ਅਕਾਊਂਟ ਕੀਤਾ ਬੰਦ
ਚੰਡੀਗੜ੍ਹ : ਭਾਰਤ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ 'ਵਾਰਿਸ ਪੰਜਾਬ' ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਟਵਿਟਰ ਅਕਾਊਂਟ ਬੰਦ ਕਰ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਦਾ ਟਵਿਟਰ ਅਕਾਊਂਟ ਦੇਸ਼ ‘ਚ ਬੰਦ ਰਹੇਗਾ, ਉਨ੍ਹਾਂ ਦੇ ਟਵਿਟਰ ਅਕਾਊਂਟ ‘ਤੇ ਕਰੀਬ 11,000 ਫਾਲੋਅਰਜ਼ ਸਨ। ਅੰਮ੍ਰਿਤਪਾਲ ਸਿੰਘ ਆਪਣੇ ਬਿਆਨਾਂ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਹਨ, ਕਈ ਸਿਆਸੀ ਆਗੂ ਵਲੋਂ ਉਨ੍ਹਾਂ ਦੇ ਬਿਆਨਾਂ ਦੀ ਨਿਖੇਧੀ ਕੀਤੀ ਹੈ। ਓਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨੌਜਵਾਨ ਆਗੂ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਅੱਤਵਾਦ ਵੱਲ ਧੱਕ ਰਿਹਾ ਹੈ। ਅਸੀਂ ਨੌਜਵਾਨਾਂ ਨੂੰ ਇਸ ਪਾਸੇ ਨਹੀਂ ਜਾਣ ਦਿਆਂਗੇ। ਰਾਜਾ ਵੜਿੰਗ ਨੇ ਆਪਣੇ ਪੱਤਰ 'ਚ ਕਿਹਾ ਕਿ ਅੰਮ੍ਰਿਤਪਾਲ ਸਿੰਘ ਲਈ 29 ਸਤੰਬਰ ਨੂੰ ਮੋਗਾ ਦੇ ਪਿੰਡ ਰੋਡੇ 'ਚ ਹੋਏ ਸਮਾਗਮ ਤੋਂ ਲੋਕਾਂ 'ਚ ਕਈ ਖਦਸ਼ੇ ਪੈਦਾ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਸਮਾਗਮ 'ਚ ਜਿਸ ਤਰ੍ਹਾਂ ਦੇ ਭਾਸ਼ਣ ਦਿੱਤੇ ਗਏ ਹਨ, ਉਸ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਹੈ। ਉਨ੍ਹਾਂ ਲਿਖਿਆ ਕਿ ਇਸ ਸਮਾਗਮ 'ਚ ਅੰਮ੍ਰਿਤ ਪਾਲ ਨੇ ਬਹੁਤ ਹੀ ਭੜਕਾਊ ਦਲੀਲਾਂ ਦਿੱਤੀਆਂ ਹਨ। ਇਹ ਮਾਹੌਲ ਖਰਾਬ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਨੇ ਅਜਿਹਾ ਭਾਸ਼ਣ ਕਿਉਂ ਦਿੱਤਾ ਹੈ ਜੋ ਨੌਜਵਾਨਾਂ ਨੂੰ ਗੁੰਮਰਾਹ ਕਰ ਸਕਦਾ ਹੈ।