ਲੁਧਿਆਣਾ : ਲੁਧਿਆਣਾ ਦੇ ਟਿੱਬਾ ਰੋਡ ਉਤੇ ਸਥਿਤ ਪੁਨੀਤ ਨਗਰ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਪ੍ਰਮੋਦ ਨਾਂ ਦੇ ਪਰਵਾਸੀ ਨੌਜਵਾਨ ਦੇ ਘਰ ਦੀ ਛੱਤ ਡਿੱਗਣ ਨਾਲ ਮਲਬੇ ਥੱਲੇ ਦੱਬਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ। ਛੱਤ ਡਿੱਗਣ ਕਾਰਨ ਘਰ ਵਿੱਚ ਮਿੰਟਾਂ ਵਿੱਚ ਮਾਤਮ ਛਾ ਗਿਆ। ਪਰਿਵਾਰਕ ਮੈਂਬਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਜਾਣਕਾਰੀ ਅਨੁਸਾਰ ਟਿੱਬਾ ਰੋਡ ਉਤੇ ਸਥਿਤ ਪੁਨੀਤ ਨਗਰ ਵਿੱਚ ਪ੍ਰਮੋਦ ਦਾ ਘਰ ਦਾ ਪਿਛਲਾ ਖਾਲੀ ਪਲਾਟ ਕਾਫੀ ਨੀਵਾਂ ਹੋਣ ਕਾਰਨ ਉਥੇ ਮਲਬਾ ਸੁੱਟਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਮਕਾਨ ਦੀ ਛੱਤ ਡਿੱਗ ਗਈ ਤੇ ਟੀਨ ਦੀ ਬਣੀ ਛੱਤ ਉਤੇ ਮਿੱਟੀ ਦਾ ਭਾਰ ਜ਼ਿਆਦਾ ਪੈ ਗਿਆ। ਛੱਤ ਡਿੱਗਣ ਨਾਲ ਘਰ ਦਾ ਸਾਰਾ ਸਾਮਾਨ ਦੱਬਿਆ ਗਿਆ ਅਤੇ ਅਦਿੱਤਿਆ ਨਾਂ ਦਾ ਪੰਜ ਸਾਲਾ ਬੱਚਾ ਵੀ ਮਲਬੇ ਹੇਠ ਦੱਬਿਆ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਮਿੱਟੀ ਹਟਾਉਣ ਦਾ ਕੰਮ ਜਲਦੀ ਨਾਲ ਸ਼ੁਰੂ ਕਰ ਦਿੱਤਾ ਗਿਆ। ਟਿੱਬਾ ਥਾਣੇ ਦੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ ਅਤੇ ਪ੍ਰਸ਼ਾਸਨ ਵੱਲੋਂ ਬੱਚੇ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਇਲਾਕਾ ਨਿਵਾਸੀ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪਿਛਲੇ ਪਲਾਟ ਦੇ ਮਾਲਕ ਖਿਲਾਫ਼ ਕਾਰਵਾਈ ਕੀਤੀ ਜਾਵੇ, ਉਸ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਅਤੇ ਇਨਸਾਫ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਬੱਚੇ ਦੀ ਦੇਹ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਪੁਲਿਸ ਨੇ ਬੈਂਕ 'ਚ ਲੁੱਟ ਕਰਨ ਵਾਲੇ ਗਿਰੋਹ ਦੇ ਦੋ ਗੁਰਗੇ ਫੜੇ