ਬਿਹਾਰ 'ਚ ਧਮਾਕੇ 'ਚ ਸੱਤ ਵਿਅਕਤੀਆਂ ਦੀ ਮੌਤ,ਕਈ ਜ਼ਖ਼ਮੀ

By  Pardeep Singh March 4th 2022 10:33 AM -- Updated: March 4th 2022 10:37 AM

ਪਟਨਾ:ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਕਾਜਵਾਲੀ ਚੱਕ 'ਚ ਵੀਰਵਾਰ ਦੇਰ ਰਾਤ ਜ਼ਬਰਦਸਤ ਬੰਬ ਧਮਾਕਾ ਹੋਇਆ। ਇਸ 'ਚ 7 ਲੋਕਾਂ ਦੀ ਮੌਤ ਹੋ ਗਈ ਹੈ  ਅਤੇ ਕਈ ਲੋਕ ਜ਼ਖਮੀ ਹੋਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸਪਾਸ ਦੇ ਚਾਰ ਘਰ ਢਹਿ ਗਏ। ਕਈ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਧਮਾਕੇ ਦਾ ਅਸਰ ਕਰੀਬ 5 ਕਿਲੋਮੀਟਰ ਤੱਕ ਦਿਖਾਈ ਦੇ ਰਿਹਾ ਸੀ। ਇਹ ਧਮਾਕਾ ਨਵੀਨ ਮੰਡਲ ਅਤੇ ਗਣੇਸ਼ ਮੰਡਲ ਦੇ ਘਰ ਵਿਚਕਾਰ ਹੋਇਆ।  ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਧਮਾਕਾ ਕਿਸ ਦੇ ਘਰ ਦੇ ਅੰਦਰ ਹੋਇਆ।ਇਸ ਇਲਾਕੇ ਵਿੱਚ ਵਿਆਹ ਲਈ ਪਟਾਕੇ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ। ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਘਰ ਵਿੱਚ ਰੱਖੇ ਪਟਾਕੇ ਫਟ ਗਏ ਹੋਣ। ਕੁਝ ਦਿਨ ਪਹਿਲਾਂ IB ਨੇ ਭਾਗਲਪੁਰ ਪੁਲਿਸ ਨੂੰ ਵੀ ਅਲਰਟ ਕੀਤਾ ਸੀ। ਧਮਾਕੇ ਦੀ ਲਪੇਟ 'ਚ ਕਈ ਘਰ ਆ ਗਏ ਹਨ, ਇਸ ਲਈ ਇਹ ਮਾਮਲਾ ਵੀ ਸ਼ੱਕੀ ਜਾਪਦਾ ਹੈ। ਪੁਲਿਸ ਇਸ ਦੀ ਬੰਬ ਧਮਾਕੇ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ।

ਫਿਲਹਾਲ ਪ੍ਰਸ਼ਾਸਨ ਵੱਲੋਂ ਮਲਬੇ ਨੂੰ ਸਾਫ ਕਰਨ ਦਾ ਕੰਮ ਜਾਰੀ ਹੈ ਅਤੇ ਮਲਬੇ ਦੀ ਪੂਰੀ ਸਫਾਈ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਮਿਲੀ ਜਾਣਕਾਰੀ  ਮੁਤਾਬਿਕ  ਪਰਿਵਾਰਕ ਮੈਂਬਰਾਂ ਦਾ ਪਟਾਕੇ ਬਣਾਉਣ ਦਾ ਇਤਿਹਾਸ ਰਿਹਾ ਹੈ ਅਤੇ ਇਹ ਧਮਾਕਾ ਵੀ ਪਟਾਕੇ ਬਣਾਉਣ ਦੌਰਾਨ ਹੋਇਆ ਸੀ। ਇਸ ਧਮਾਕੇ ਨਾਲ ਦੋ ਤੋਂ ਤਿੰਨ ਹੋਰ ਘਰ ਪ੍ਰਭਾਵਿਤ ਹੋਣ ਦੀ ਸੂਚਨਾ ਹੈ।

ਇਹ ਵੀ ਪੜ੍ਹੋ:ਫਾਜ਼ਿਲਕਾ ਦੇ EVM ਸਟਰੌਂਗ ਰੂਮ ਸੈਂਟਰ 'ਚ ਚੱਲੀ ਗੋਲੀ, ਗਾਰਦ ਇੰਚਾਰਜ ਦੀ ਹੋਈ ਮੌਤ

-PTC News

Related Post