ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਰ ਐਤਵਾਰ ਨੂੰ ਸਿੱਧੂ ਦੇ ਪ੍ਰਸ਼ੰਸਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿੱਚ ਸਿੱਧੂ ਦੇ ਪਿੰਡ ਜਾਂਦੇ ਹਨ। ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸੰਬੋਧਨ ਕਰਦੇ ਕਿਹਾ ਹੈ ਕਿ ਅੱਜ ਆਪਣੇ ਬੇਟੇ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਕਰਨ ਦਾ ਐਲਾਨ ਕਰਦੀ ਹਾਂ। ਉਨ੍ਹਾਂ ਨੇ ਕਿਹਾ ਕਿ ਕਤਲ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਅਤੇ ਉਨ੍ਹਾਂ ਨੇ ਕਾਫ਼ੀ ਸਮਾਂ ਦਿੱਤਾ ਹੈ ਪਰ ਪੁਲਿਸ ਇਸ ਘਿਨਾਉਣੇ ਅਪਰਾਧ ਦੇ ਅਸਲ ਦੋਸ਼ੀਆਂ ਨੂੰ ਫੜਨ ਵਿੱਚ ਅਸਫਲ ਰਹੀ ਹੈ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਬੇਸ਼ੱਕ ਅੱਜ ਉਨ੍ਹਾਂ ਦਾ ਪੁੱਤਰ ਉਨ੍ਹਾਂ ਵਿੱਚ ਮੌਜੂਦ ਨਹੀਂ ਹੈ ਪਰ ਉਨ੍ਹਾਂ ਨੂੰ ਆਪਣੇ ਪੁੱਤ 'ਤੇ ਹਮੇਸ਼ਾ ਮਾਣ ਰਹੇਗਾ। ਉਨ੍ਹਾਂ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ 90 ਦਿਨਾਂ ਦਾ ਸਮਾਂ ਦਿੱਤਾ ਸੀ , ਜੋ ਕਿ ਬੀਤ ਚੁੱਕਾ ਹੈ ਪਰ ਸਰਕਾਰ ਹੁਣ ਤੱਕ ਵੀ ਸਿੱਧੂ ਦੇ ਅਸਲ ਕਾਤਲਾਂ ਨੂੰ ਸਾਹਮਣੇ ਨਹੀਂ ਲਿਆ ਸਕੀ। ਉਨ੍ਹਾਂ ਨੇ ਕਿਹਾ ਹੈ ਕਿ ਕਾਤਲਾਂ ਨੂੰ 200 ਵਿਅਕਤੀ ਦੀ ਸੁਰੱਖਿਆ ਦਿੱਤੀ ਹੋਈ ਹੈ। ਦੱਸ ਦੇਈਏ ਕਿ 29 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਨੂੰ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਮਾਮਲਾ ਦਰਜ ਕਰਵਾਇਆ ਸੀ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰ ਰਹੀ ਹੈ। ਇਹ ਵੀ ਪੜ੍ਹੋ: 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਮਾਮਲੇ 'ਚ 210 ਤੋਂ ਵੱਧ ਵਿਅਕਤੀ ਗ੍ਰਿਫ਼ਤਾਰ -PTC News