ਪਟਿਆਲਾ: 1 ਜੁਲਾਈ ਤੋਂ ਦੇਸ਼ ਭਰ 'ਚ ਸਿੰਗਲ ਯੂਜ਼ ਪਲਾਸਟਿਕ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ (ਆਈ.ਏ.ਐਸ.) ਦੇ ਹੁਕਮਾਂ 'ਤੇ ਨਗਰ ਨਿਗਮ ਦੀ ਟੀਮ ਨੇ ਵੀਰਵਾਰ ਨੂੰ ਸ਼ਹਿਰ ਦੇ ਬਾਜ਼ਾਰਾਂ 'ਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਸਬੰਧੀ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਅਤੇ ਉਨ੍ਹਾਂ ਚਾਰ ਦੁਕਾਨਦਾਰਾਂ ਦੇ ਚਲਾਨ ਕੀਤੇ, ਜੋ ਚੇਤਾਵਨੀ ਦੇਣ ਤੋਂ ਬਾਅਦ ਵੀ ਪਲਾਸਟਿਕ ਲਿਫਾਫਿਆਂ ਦੀ ਵਰਤੋਂ 'ਤੇ ਰੋਕ ਨਹੀਂ ਲਗਾ ਰਹੇ ਸਨ। ਨਿਗਮ ਦੀ ਸਿਹਤ ਟੀਮ ਨੇ ਵੱਖ-ਵੱਖ ਦੁਕਾਨਾਂ ਤੋਂ ਵੀਰਵਾਰ ਨੂੰ ਕਰੀਬ 40 ਕਿਲੋ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ, ਜਿਨ੍ਹਾਂ ਨੂੰ ਨਸ਼ਟ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਭੇਜਿਆ ਜਾਵੇਗਾ। ਨਗਰ ਨਿਗਮ ਦੇ ਕਮਿਸ਼ਨਰ ਆਦਿਤਿਆ ਉੱਪਲ ਦਾ ਕਹਿਣਾ ਹੈ ਕਿ ਫਿਲਹਾਲ ਸ਼ਹਿਰ 'ਚ ਸਿੰਗਲ ਯੂਜ਼ ਪਲਾਸਟਿਕ 'ਤੇ ਸਖਤੀ ਨਾਲ ਅਮਲ ਨਹੀਂ ਕੀਤਾ ਜਾ ਰਿਹਾ ਹੈ, ਕਿਉਂਕਿ ਲੋਕ ਅਜੇ ਇਸ ਨਵੇਂ ਨਿਯਮਾਂ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ। ਉਨ੍ਹਾਂ ਕਿਹਾ ਕਿ ਚੇਤਾਵਨੀ ਤੋਂ ਬਾਅਦ ਵੀ ਜਿਹੜੇ ਦੁਕਾਨਦਾਰ ਨਿਗਮ ਨੂੰ ਸਹਿਯੋਗ ਨਹੀਂ ਦੇਣਗੇ, ਉਨ੍ਹਾਂ ਨੂੰ ਚਲਾਨ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।ਸਿਹਤ ਸ਼ਾਖਾ ਦੀ ਦੇਖ-ਰੇਖ ਕਰ ਰਹੀ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਅਦਿੱਤਿਆ ਉੱਪਲ ਸ਼ਹਿਰ ਦੀ ਸਫਾਈ ਦੇ ਨਾਲ-ਨਾਲ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਬਹੁਤ ਗੰਭੀਰ ਹਨ। ਉਨ੍ਹਾਂ ਕਿਹਾ ਕਿ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਉਹ ਖੁਦ ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਸਬੰਧੀ ਜਾਗਰੂਕਤਾ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪਲਾਸਟਿਕ ਦੇ ਲਿਫਾਫਿਆਂ ਨੂੰ ਜ਼ਬਤ ਕਰਨ ਦੀ ਕਾਰਵਾਈ ਜਾਰੀ ਰੱਖੀ ਜਾਵੇਗੀ। ਹਰੇਕ ਦੁਕਾਨਦਾਰ ਨੂੰ ਆਪਣੇ ਗਾਹਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਬਾਰੇ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਖੁਦ ਨਿਭਾਉਣੀ ਚਾਹੀਦੀ ਹੈ। ਹਰ ਵਿਅਕਤੀ ਨੂੰ ਬਾਜ਼ਾਰ ਵਿਚ ਖਰੀਦਦਾਰੀ ਕਰਨ ਲਈ ਘਰ ਤੋਂ ਕੱਪੜੇ ਦਾ ਬਣਿਆ ਬੈਗ ਲੈ ਕੇ ਜਾਣਾ ਚਾਹੀਦਾ ਹੈ, ਨਹੀਂ ਤਾਂ ਪਾਬੰਦੀਸ਼ੁਦਾ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਕਰਨ ਵਾਲਿਆਂ ਨੂੰ ਚਲਾਨ ਦੀ ਪ੍ਰਕਿਰਿਆ ਵਿਚੋਂ ਵੀ ਲੰਘਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਹਿਮਾਚਲ ਦੀ ਤਰਜ਼ 'ਤੇ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਛੋਟ ਦੇ ਕੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨ। ਮੁੱਖ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਸੈਨੇਟਰੀ ਇੰਸਪੈਕਟਰ ਰਾਜੇਸ਼ ਮੱਟੂ, ਕੁਲਦੀਪ ਸਿੰਘ ਅਤੇ ਮੋਹਿਤ ਕੁਮਾਰ ਦੀ ਟੀਮ ਨੇ ਵੀਰਵਾਰ ਨੂੰ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਦੇ ਚਲਾਨ ਕਰਨ ਦੇ ਨਾਲ 40 ਕਿਲੋ ਪਲਾਸਟਿਕ ਦੇ ਥੈਲੇ ਜ਼ਬਤ ਕੀਤੇ। -PTC News